
ਐਨਆਈਏ ਦੇ ਬੁਲਾਰੇ ਨੇ ਕਿਹਾ, ‘ਜਾਂਚ ਦੌਰਾਨ ਸਾਹਮਣੇ ਆਇਆ ਹੈ
Cyber Criminals: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਮਨੁੱਖੀ ਸਮੱਗਲਿਗ ਦੇ ਕੌਮਾਂਤਰੀ ਮਾਮਲੇ ’ਚ ਇਕ ਹੋਰ ਕਾਰਵਾਈ ਕੀਤੀ ਹੈ। ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਚਾਰਜਸ਼ੀਟ ਅਨੁਸਾਰ, ਇਹ ਗਿਰੋਹ ਯੂਰਪੀਅਨ ਤੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਚੀਨੀ ਘੁਟਾਲੇਬਾਜ਼ਾਂ ਵਲੋਂ ਚਲਾਏ ਜਾ ਰਹੇ ਸਾਈਬਰ ਅਪਰਾਧ ਕੇਂਦਰਾਂ ’ਚ ਕੰਮ ਕਰਨ ਲਈ ਭਾਰਤੀਆਂ ਨੂੰ ਲਾਓਸ ਭੇਜਦਾ ਸੀ।
ਜਾਂਚ ਏਜੰਸੀ ਨੇ ਬੁਧਵਾਰ ਨੂੰ ਗਿਰੋਹ ਦੇ ਮੈਂਬਰਾਂ ਮੰਜ਼ੂਰ ਆਲਮ ਉਰਫ ਗੁੱਡੂ, ਸਾਹਿਲ, ਆਸ਼ੀਸ਼ ਉਰਫ਼ ਅਖਿਲ, ਪਵਨ ਯਾਦਵ ਉਰਫ ਅਫਜ਼ਲ ਉਰਫ਼ ਅਫ਼ਰੋਜ਼ ਸਮੇਤ ਮੁੱਖ ਸਾਜਿਸ਼ਘਾੜੇ ਕਾਮਰਾਨ ਹੈਦਰ ਉਰਫ਼ ਜ਼ੈਦੀ ਵਿਰੁਧ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ। ਐਨਆਈਏ ਦੇ ਬੁਲਾਰੇ ਨੇ ਕਿਹਾ, ‘ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਾਰੇ ਪੰਜ ਮੁਲਜ਼ਮ ਲਾਓ ਪੀਡੀਆਰ ਦੇ ਗੋਲਡਨ ਟ੍ਰਾਈ ਐਂਗਲ ਇਲਾਕੇ ਵਿਚ ਭਾਰਤੀ ਨੌਜਵਾਨਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਨ੍ਹਾਂ ਨੌਜਵਾਨਾਂ ਨੂੰ ਨੌਕਰੀਆਂ ਦੇ ਬਹਾਨੇ ਯੂਰਪੀ ਅਤੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਸਾਈਬਰ ਅਪਰਾਧ ਕਰਨ ਲਈ ਮਜਬੂਰ ਕੀਤਾ ਗਿਆ।
ਉਹ ਸਲਾਹਕਾਰ ਫਰਮ ਅਲੀ ਇੰਟਰਨੈਸ਼ਨਲ ਸਰਵਿਸਿਜ਼ ਰਾਹੀਂ ਕੰਮ ਕਰਦੇ ਸਨ, ਜੋ ਮਨੁੱਖੀ ਤਸਕਰੀ ਲਈ ਇੱਕ ਫਰੰਟ ਵਜੋਂ ਕੰਮ ਕਰਦੀ ਸੀ।’ ਚਾਰਜਸ਼ੀਟ ਮੁਤਾਬਕ ਜ਼ੈਦੀ ਨੇ ਪੂਰੇ ਆਪਰੇਸ਼ਨ ’ਚ ਮਦਦ ਕੀਤੀ ਸੀ। ਉਸ ਨੇ ਚੀਨੀ ਘੁਟਾਲੇਬਾਜ਼ਾਂ ਦੇ ਚੁੰਗਲ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਪੀੜਤਾਂ ਤੋਂ ਕ੍ਰਿਪਟੋਕਰੰਸੀ ਵਾਲੇਟ ਰਾਹੀਂ ਪੈਸਾ ਵਸੂਲਿਆ।
ਅਧਿਕਾਰੀ ਨੇ ਕਿਹਾ,‘ਪਵਨ ਯਾਦਵ ਨੇ ਹੋਰ ਵਿਚੋਲੇ ਏਜੰਟਾਂ ਨੂੰ ਬਾਈਪਾਸ ਕੀਤਾ ਅਤੇ ਨੌਕਰੀਆਂ ਦੇ ਬਦਲੇ ਸਿੱਧੇ ਤੌਰ ’ਤੇ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਅਪਣੇ ਗੈਂਗ ਵਿਚ ਭਰਤੀ ਕੀਤਾ। ਉਸ ਨੇ ਉਨ੍ਹਾਂ ਨੂੰ ਚੀਨੀ ਕੰਪਨੀਆਂ ਵਿਚ ਨੌਕਰੀ ਦਿੱਤੀ, ਜੋ ਜਾਅਲੀ ਫੇਸਬੁੱਕ ਪ੍ਰੋਫਾਈਲ ਬਣਾਉਣ ਅਤੇ ਅਮਰੀਕਾ ਅਤੇ ਯੂਰਪ ਦੇ ਲੋਕਾਂ ਨਾਲ ਗੱਲਬਾਤ ਕਰਨ ਵਿਚ ਸ਼ਾਮਲ ਸਨ।
ਨਾਲ ਹੀ, ਉਹ ਸਾਈਬਰ ਘੁਟਾਲੇ ਦੇ ਹਿੱਸੇ ਵਜੋਂ ਇਨ੍ਹਾਂ ਲੋਕਾਂ ਨੂੰ ਕ੍ਰਿਪਟੋ ਕਰੰਸੀ ਐਪ ਵਿਚ ਨਿਵੇਸ਼ ਕਰਨ ਲਈ ਉਕਸਾਉਂਦਾ ਸੀ। ਏਜੰਸੀ ਨੇ ਕਿਹਾ ਕਿ ਉਸ ਦੀ ਜਾਂਚ ਵਿੱਚ ਵੱਖ-ਵੱਖ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਤਸਕਰਾਂ ਅਤੇ ਦਲਾਲਾਂ ਦੇ ਇਕ ਚੰਗੀ ਤਰ੍ਹਾਂ ਸੰਗਠਿਤ ਨੈੱਟਵਰਕ ਦਾ ਖੁਲਾਸਾ ਹੋਇਆ ਹੈ।
ਇਹ ਗ਼ੈਰ-ਲਾਇਸੈਂਸੀ ਮਨੁੱਖੀ ਸਰੋਤ ਸਪਲਾਈ ਏਜੰਸੀਆਂ ਨੂੰ ਚਲਾਉਣ ਤੋਂ ਲੈ ਕੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚ ਅਪਰਾਧਿਕ ਗਤੀਵਿਧੀਆਂ ਲਈ ਸੰਭਾਵੀ ਪੀੜਤਾਂ ਦੇ ਗੈਰ-ਕਾਨੂੰਨੀ ਤਬਾਦਲੇ ਤੇ ਆਵਾਜਾਈ ਤੱਕ ਦੀ ਰੇਂਜ ਹੈ। ਚਾਰਜਸ਼ੀਟ ਵਿਚ ਨਾਮਜ਼ਦ ਮੁਲਜ਼ਮ ਗੋਲਡਨ ਟ੍ਰਾਈ ਐਂਗਲ ਖੇਤਰ ਵਿਚ ਸੰਪਰਕਾਂ ਦੀ ਮਦਦ ਨਾਲ ਹਵਾਈ ਟਿਕਟਾਂ ਤੇ ਦਸਤਾਵੇਜ਼ਾਂ ਦਾ ਪ੍ਰਬੰਧ ਕਰਨ ਅਤੇ ਗ਼ੈਰ-ਕਾਨੂੰਨੀ ਸਰਹੱਦ ਪਾਰ ਕਰਨ ਵਿਚ ਸਿੱਧੇ ਤੌਰ ’ਤੇ ਸ਼ਾਮਲ ਸਨ।