
ਗ਼ਲਤ ਦਿਸ਼ਾ 'ਚ ਛੱਡੀ ਮਿਜ਼ਾਈਲ ਨਾਲ ਡਿੱਗਿਆ ਸੀ ਜਹਾਜ਼!
ਤਹਿਰਾਨ : ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਵਿਚਕਾਰ ਇਰਾਨੀ ਲੋਕਾਂ ਦਾ ਗੁੱਸਾ ਹੁਣ ਅਪਣੇ ਹੀ ਦਿਗਜ਼ ਆਗੂ ਖਿਲਾਫ਼ ਫੁਟਣਾ ਸ਼ੁਰੂ ਹੋ ਗਿਆ ਹੈ। ਯੂਕਰੇਨ ਦੇ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ ਕਬੂਲਣ ਤੋਂ ਬਾਅਦ ਇਰਾਨੀ ਆਗੂ ਆਇਤੁੱਲਾਹ ਖਾਮਨੇਈ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ, ਵੱਡੀ ਗਿਣਤੀ ਇਰਾਨੀ ਲੋਕਾਂ ਨੇ ਸਨਿੱਚਰਵਾਰ ਨੂੰ ਤਹਿਰਾਨ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕਰਦਿਆਂ ਇਰਾਨ ਦੇ ਸੁਪਰੀਮ ਆਗੂ ਖਾਮਨੇਈ ਦੇ ਅਸਤੀਫ਼ੇ ਦੀ ਮੰਗ ਕੀਤੀ।
Photo
ਦੱਸ ਦਈਏ ਕਿ ਬੀਤੇ ਦਿਨ ਇਰਾਨ ਨੇ ਅਧਿਕਾਰਤ ਤੌਰ 'ਤੇ ਯੂਕਰੇਨ ਕੇ ਜਹਾਜ਼ ਹਾਦਸੇ ਲਈ ਮਨੁੱਖੀ ਗ਼ਲਤੀ ਨੂੰ ਸਵੀਕਾਰ ਕੀਤਾ ਸੀ। ਖ਼ਬਰਾਂ ਮੁਤਾਬਕ ਇਹ ਜਹਾਜ਼ ਗ਼ਲਤ ਦਿਸ਼ਾ ਵੱਲ ਛੱਡੀ ਗਈ ਮਿਜ਼ਾਇਲ ਦਾ ਸ਼ਿਕਾਰ ਹੋ ਗਿਆ ਸੀ। ਇਸ ਜਹਾਜ਼ ਵਿਚ ਸਵਾਰ ਸਾਰੇ 176 ਯਾਤਰੀ ਮਾਰੇ ਗਏ ਸਨ।
Photo
ਇਸ ਤੋਂ ਬਾਅਦ ਇਰਾਨ ਦੀ ਰਾਜਧਾਨੀ ਤਹਿਰਾਨ ਨੂੰ ਅਮਰੀਕੀ ਅੰਬੈਂਸੀ ਦੇ ਬਾਹਰ ਵੱਡੀ ਗਿਣਤੀ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਅਮੀਰ ਕਾਬਿਰ ਯੂਨੀਵਰਸਿਟੀ ਦੇ ਬਾਹਰ ਵੀ ਇਰਾਨ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਹੱਥਾਂ 'ਚ ਪੋਸਟਰ ਫੜੀ ਇਕੱਠੇ ਹੋਏ ਲੋਕ ਖਾਮਨੇਈ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।
Photo
ਇਸੇ ਤਰ੍ਹਾਂ ਸਨਿੱਚਰਵਾਰ ਨੂੰ ਵੀ ਇਰਾਨ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਰਾਨੀ ਜਨਰਲ ਸੁਲੇਮਾਨੀ ਦੀ ਮੌਤ ਤੋਂ ਬਾਅਦ ਵੀ ਵੱਡੀ ਗਿਣਤੀ ਲੋਕਾਂ ਨੇ ਸੜਕਾਂ 'ਤੇ ਉਤਰਦਿਆਂ ਅਮਰੀਕਾ ਖਿਲਾਫ਼ ਪ੍ਰਦਰਸ਼ਨ ਕੀਤਾ ਸੀ।
Photo
ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਵਿਚ ਸਭ ਤੋਂ ਜ਼ਿਆਦਾ ਇਰਾਨ ਦੇ ਵਾਸੀ ਸਨ। ਇਨ੍ਹਾਂ 'ਚ ਇਰਾਨ ਦੇ 82, ਕਨਾਡਾ ਦੇ 63, ਯੁਕਰੇਨ ਦੇ 11, ਸਵੀਡਨ ਦੇ 10, ਅਫਗਾਨਿਸਤਾਨ ਦੇ 4, ਜਰਮਨੀ ਦੇ 3 ਅਤੇ ਬ੍ਰਿਟੇਨ ਦੇ 3 ਨਾਗਰਿਕ ਸਵਾਰ ਸਨ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਨੇ ਵੀ ਚਿਤਾਵਨੀ ਦਿਤੀ ਹੈ ਕਿ ਉਹ ਹਾਲਤ 'ਤੇ ਨਜ਼ਰ ਰੱਖ ਰਹੇ ਹਨ।