
ਅੰਕੜਿਆਂ ਅਨੁਸਾਰ ਰੂਸ ਤੋਂ ਖ਼ਤਰੇ ਦੇ ਜਵਾਬ ’ਚ ਯੂਰਪ ਦੇ ਦੇਸ਼ ਵੀ ਮੁੜ ਹਥਿਆਰ ਇਕੱਠੇ ਕਰਨ ਲੱਗੇ
ਨਵੀਂ ਦਿੱਲੀ : ਇਕ ਨਵੀਂ ਆਲਮੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਰੂਸ ਨਾਲ ਲੰਮੇ ਸਮੇਂ ਤੋਂ ਸੰਘਰਸ਼ ਵਿਚ ਫਸਿਆ ਯੂਕਰੇਨ 2020-24 ਦੌਰਾਨ ਦੁਨੀਆਂ ਦਾ ਸੱਭ ਤੋਂ ਵੱਡਾ ਹਥਿਆਰ ਆਯਾਤ ਕਰਨ ਵਾਲਾ ਦੇਸ਼ ਸੀ, ਜਦਕਿ ਇਸ ਦੀ ਆਯਾਤ 2015-19 ਦੇ ਅੰਕੜਿਆਂ ਦੇ ਮੁਕਾਬਲੇ ਲਗਭਗ 100 ਗੁਣਾ ਵੱਧ ਗਈ। ਸਮੀਖਿਆ ਅਧੀਨ ਮਿਆਦ ਦੌਰਾਨ ਭਾਰਤ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਹਥਿਆਰ ਆਯਾਤਕਾਰ ਸੀ ਅਤੇ ਇਸ ਦੀ ਆਯਾਤ ਚੀਨ ਅਤੇ ਪਾਕਿਸਤਾਨ ਦੋਹਾਂ ਤੋਂ ਕਥਿਤ ਖਤਰਿਆਂ ਨੂੰ ਦਰਸਾਉਂਦੀ ਹੈ।
ਸਟਾਕਹੋਮ ਇੰਟਰਨੈਸ਼ਨਲ ਪੀਸ ਰੀਸਰਚ ਇੰਸਟੀਚਿਊਟ (ਐਸ.ਆਈ.ਪੀ.ਆਰ.ਆਈ.) ਦੀ ਇਕ ਰੀਪੋਰਟ ਦੇ ਅਨੁਸਾਰ, ਯੂਕਰੇਨ ’ਚ ਮਹੱਤਵਪੂਰਣ ਵਾਧਾ ਮੁੱਖ ਤੌਰ ’ਤੇ ਰੂਸ ਨਾਲ ਚੱਲ ਰਹੇ ਸੰਘਰਸ਼ ਕਾਰਨ ਹੋਇਆ ਹੈ। ਸਿਪਰੀ ਆਰਮਜ਼ ਟ੍ਰਾਂਸਫਰ ਪ੍ਰੋਗਰਾਮ ਦੇ ਪ੍ਰੋਗਰਾਮ ਡਾਇਰੈਕਟਰ ਮੈਥਿਊ ਜਾਰਜ ਨੇ ਕਿਹਾ, ‘‘ਹਥਿਆਰ ਲੈਣ-ਦੇਣ ਦੇ ਨਵੇਂ ਅੰਕੜੇ ਸਪੱਸ਼ਟ ਤੌਰ ’ਤੇ ਰੂਸ ਤੋਂ ਖਤਰੇ ਦੇ ਜਵਾਬ ’ਚ ਯੂਰਪ ਦੇ ਦੇਸ਼ਾਂ ਵਲੋਂ ਮੁੜ ਹਥਿਆਰ ਇਕੱਠਾ ਕੀਤੇ ਜਾਣ ਨੂੰ ਦਰਸਾਉਂਦੇ ਹਨ।’’
ਭਾਰਤ 2015-19 ਅਤੇ 2020-24 ਦੇ ਵਿਚਕਾਰ ਹਥਿਆਰਾਂ ਦੀ ਆਯਾਤ ’ਚ 9.3% ਦੀ ਕਮੀ ਦੇ ਨਾਲ ਵੀ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਹਥਿਆਰ ਆਯਾਤਕ ਰਿਹਾ। ਭਾਰਤੀ ਹਥਿਆਰਾਂ ਦੀ ਆਯਾਤ ਦਾ ਸੱਭ ਤੋਂ ਵੱਡਾ ਹਿੱਸਾ (36%) ਰੂਸ ਤੋਂ ਆਇਆ ਹੈ, ਹਾਲਾਂਕਿ ਇਹ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਹਿੱਸਾ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ 2015-19 ਅਤੇ 2020-24 ਦਰਮਿਆਨ ਯੂਰਪੀਅਨ ਹਥਿਆਰਾਂ ਦੀ ਆਯਾਤ ’ਚ 155 ਫੀ ਸਦੀ ਦਾ ਵਾਧਾ ਹੋਇਆ ਹੈ।
ਰੀਪੋਰਟ ’ਚ ਇਹ ਵੀ ਪ੍ਰਗਟਾਵਾ ਕੀਤਾ ਗਿਆ ਹੈ ਕਿ ਅਮਰੀਕਾ ਨੇ ਆਲਮੀ ਹਥਿਆਰਾਂ ਦੇ ਨਿਰਯਾਤ ’ਚ ਅਪਣੀ ਹਿੱਸੇਦਾਰੀ ਵਧਾ ਕੇ 43 ਫੀ ਸਦੀ ਕਰ ਦਿਤੀ ਹੈ, ਜਦਕਿ ਰੂਸ ਦੇ ਨਿਰਯਾਤ ’ਚ 64 ਫੀ ਸਦੀ ਦੀ ਗਿਰਾਵਟ ਆਈ ਹੈ। ਫਰਾਂਸ 2020-24 ਵਿਚ 65 ਦੇਸ਼ਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਹਥਿਆਰ ਸਪਲਾਈਕਰਤਾ ਬਣ ਗਿਆ। (ਏਜੰਸੀ)