
ਸੈਂਟਾ ਐਲੇਨਾ ਇਕਵਾਡੋਰ ਦੇ ਸੱਭ ਤੋਂ ਹਿੰਸਕ ਖੇਤਰਾਂ ’ਚੋਂ ਇਕ ਬਣ ਗਿਆ ਹੈ
ਕੁਈਟੋ: ਇਕਵਾਡੋਰ ’ਚ ਸਨਿਚਰਵਾਰ ਨੂੰ ਇਕ ਬਾਰ ’ਚ ਜਨਮਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ’ਚ 8 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਘਟਨਾ ਸੈਂਟਾ ਐਲੇਨਾ ਸੂਬੇ ਵਿਚ ਵਾਪਰੀ ਅਤੇ ਇਹ ਤੁਰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਹਮਲਾ ਉਸੇ ਵਿਅਕਤੀ ’ਤੇ ਕੀਤਾ ਗਿਆ ਸੀ ਜਿਸ ਨੇ ਪਾਰਟੀ ਦਿਤੀ ਸੀ। ਸਥਾਨਕ ਪੁਲਿਸ ਨੇ ਦਸਿਆ ਕਿ ਹਮਲਾਵਰ ਇਕ ਟੈਕਸੀ ਅਤੇ ਦੋ ਮੋਟਰਸਾਈਕਲਾਂ ’ਚ ਸਨ। ਉਨ੍ਹਾਂ ਨੇ ਕੁਇਟੋ ਤੋਂ 185 ਮੀਲ (300 ਕਿਲੋਮੀਟਰ) ਦੱਖਣ-ਪੱਛਮ ਵਿਚ ਚੰਦਾਊ ਕਸਬੇ ਵਿਚ ਬਾਰ ’ਤੇ ਗੋਲੀਬਾਰੀ ਕੀਤੀ। ਘਟਨਾ ਤੋਂ ਬਾਅਦ ਬਾਰ ਦੇ ਬਾਹਰ ਕੁੱਝ ਲਾਸ਼ਾਂ ਮਿਲੀਆਂ।
ਪੁਲਿਸ ਨੇ ਦਸਿਆ ਕਿ ਮ੍ਰਿਤਕਾਂ ’ਚ ਪੰਜ ਮਰਦ ਅਤੇ ਤਿੰਨ ਔਰਤਾਂ ਸ਼ਾਮਲ ਹਨ ਅਤੇ ਉਨ੍ਹਾਂ ਵਿਰੁਧ ਕੋਈ ਅਪਰਾਧਕ ਮਾਮਲਾ ਦਰਜ ਨਹੀਂ ਹੈ। ਸੈਂਟਾ ਐਲੇਨਾ ਇਕਵਾਡੋਰ ਦੇ ਸੱਭ ਤੋਂ ਹਿੰਸਕ ਖੇਤਰਾਂ ’ਚੋਂ ਇਕ ਬਣ ਗਿਆ ਹੈ। ਇਸ ਦੀਆਂ ਤਿੰਨ ਬੰਦਰਗਾਹਾਂ ਹਨ ਅਤੇ ਅਕਸਰ ਇੱਥੋਂ ਨਸ਼ਿਆਂ ਦੀ ਤਸਕਰੀ ਕੀਤੀ ਜਾਂਦੀ ਹੈ। ਸਥਾਨਕ ਗਿਰੋਹ ਕਈ ਵਾਰ ਮੈਕਸੀਕੋ ਦੇ ਤਸਕਰਾਂ ਨਾਲ ਮਿਲ ਕੇ ਕੰਮ ਕਰਦੇ ਹਨ, ਜਿਸ ਕਾਰਨ ਹਾਲ ਹੀ ਦੇ ਸਾਲਾਂ ’ਚ ਕਤਲਾਂ ’ਚ ਤੇਜ਼ੀ ਆਈ ਹੈ।