
Sunita Williams: ਦੋਵੇਂ ਪੁਲਾੜ ਯਾਤਰੀ 280 ਦਿਨਾਂ ਤੋਂ ਸਪੇਸ ਸਟੇਸ਼ਨ ਵਿਚ ਫਸੇ ਹੋਏ
Sunita Williams News : ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਵਾਪਸੀ ਮੁਲਤਵੀ ਕਰ ਦਿੱਤੀ ਗਈ ਹੈ। ਨਾਸਾ ਨੇ ਮਿਸ਼ਨ ਕਰੂ-10 ਨੂੰ ਮੁਲਤਵੀ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਲੈਣ ਜਾ ਰਿਹਾ ਸੀ। ਇਸ ਮਿਸ਼ਨ ਨੂੰ ਕੱਲ੍ਹ ਯਾਨੀ 12 ਮਾਰਚ ਨੂੰ ਸਪੇਸਐਕਸ ਦੇ ਰਾਕੇਟ ਫਾਲਕਨ 9 ਤੋਂ ਲਾਂਚ ਕੀਤਾ ਜਾਣਾ ਸੀ।
ਹਾਲਾਂਕਿ, ਰਾਕੇਟ ਦੀ ਗਰਾਊਂਡ ਸਪੋਰਟ ਕਲੈਂਪ ਆਰਮ ਵਿੱਚ ਹਾਈਡ੍ਰੌਲਿਕ ਸਿਸਟਮ ਵਿੱਚ ਖ਼ਰਾਬੀ ਕਾਰਨ ਇਸ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਪਿਛਲੇ ਨੌਂ ਮਹੀਨਿਆਂ ਤੋਂ ਆਈਐਸਐਸ 'ਤੇ ਫਸੇ ਹੋਏ ਹਨ। ਉਹ ਜੂਨ 2024 ਵਿੱਚ ਉੱਥੇ ਪਹੁੰਚੇ ਸਨ। ਉਨ੍ਹਾਂ ਨੇ ਉੱਥੇ ਸਿਰਫ਼ ਇੱਕ ਹਫ਼ਤਾ ਹੀ ਰਹਿਣਾ ਸੀ।
ਇਹ ਦੋਵੇਂ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਰਾਹੀਂ ਆਈ.ਐਸ.ਐਸ. ਪਹੁੰਚੇ ਸਨ। ਇਹ ਪੁਲਾੜ ਯਾਨ ਸਤੰਬਰ 'ਚ ਬਿਨਾਂ ਕਿਸੇ ਚਾਲਕ ਦਲ ਦੇ ਧਰਤੀ 'ਤੇ ਪਰਤਿਆ ਸੀ। ਫੌਕਸ ਨਿਊਜ਼ ਦੇ ਅਨੁਸਾਰ, ਸਟਾਰਲਾਈਨਰ ਨੂੰ ਆਈਐਸਐਸ ਨਾਲ ਡੌਕਿੰਗ ਦੌਰਾਨ ਇਕ ਹੀਲੀਅਮ ਲੀਕ ਅਤੇ ਪੁਲਾੜ ਯਾਨ ਪ੍ਰਤੀਕ੍ਰਿਆ ਨਿਯੰਤਰਣ ਥ੍ਰਸਟਰਾਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।