
ਸਮਾਜ-ਸੇਵੀ ਕਾਰਜਾਂ 'ਚ ਮੋਹਰੀ ਯੋਗਦਾਨ ਪਾਉਂਦਾ ਆ ਰਿਹਾ ਹੈ ਕੇਰਲਾ ਦਾ ਐਨ.ਆਰ.ਆਈ. ਕਾਰੋਬਾਰੀ
ਕੋਚੀ - ਕੇਰਲ ਨਾਲ ਸੰਬੰਧਿਤ ਇੱਕ ਯੂ.ਏ.ਈ. ਆਧਾਰਿਤ ਉੱਦਮੀ, ਅਤੇ ਬੁਰਜੀਲ ਹੋਲਡਿੰਗਜ਼ ਦੇ ਸੰਸਥਾਪਕ ਤੇ ਚੇਅਰਮੈਨ, ਡਾ. ਸ਼ਮਸ਼ੀਰ ਵਾਇਆਲਿਲ ਨੇ ਭੁਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਦੀ ਮਦਦ ਲਈ 11 ਕਰੋੜ ਰੁਪਏ ਦਾਨ ਕੀਤੇ ਹਨ।
ਇਹ ਸਹਾਇਤਾ ਅਮੀਰਾਤ ਰੈੱਡ ਕ੍ਰੀਸੈਂਟ ਨੂੰ ਸੌਂਪ ਦਿੱਤੀ ਗਈ ਹੈ ਜੋ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜਾਂ ਰਾਹੀਂ ਮਦਦ ਪਹੁੰਚਾ ਰਹੀ ਹੈ।
ਦਾਨ ਕੀਤੇ ਫ਼ੰਡ ਦੀ ਵਰਤੋਂ ਦਵਾਈਆਂ, ਹੋਰ ਜ਼ਰੂਰੀ ਵਸਤਾਂ ਦੀ ਸਪਲਾਈ, ਘਰ ਗੁਆ ਚੁੱਕੇ, ਅਤੇ ਭੁਚਾਲ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਦੇ ਕਾਰਜਾਂ ਵਿੱਚ ਮਦਦ ਲਈ ਕੀਤੀ ਜਾਵੇਗੀ।
6 ਫਰਵਰੀ ਨੂੰ ਆਏ 7.8 ਤੀਬਰਤਾ ਵਾਲੇ ਭੁਚਾਲ ਤੋਂ ਬਾਅਦ ਸੈਂਕੜੇ ਪਰਿਵਾਰ ਬੇਘਰ ਹੋ ਗਏ ਸਨ, ਅਤੇ ਇਸ ਵਿੱਚ 34,000 ਤੋਂ ਵੱਧ ਲੋਕ ਮਾਰੇ ਗਏ ਸਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ, ਇਸ ਕੁਦਰਤੀ ਆਫ਼ਤ ਦਾ ਪ੍ਰਭਾਵ 23 ਮਿਲੀਅਨ ਲੋਕਾਂ ਤੱਕ ਜਾਣ ਦੀ ਸੰਭਾਵਨਾ ਹੈ।
"ਇਹ ਦਾਨ ਰਾਹਤ ਕਾਰਜਾਂ ਵਿੱਚ ਮਦਦ ਪ੍ਰਦਾਨ ਕਰਨ ਲਈ ਸਾਡੇ ਯਤਨਾਂ ਦਾ ਇੱਕ ਹਿੱਸਾ ਹੈ। ਇਸ ਵਿਨਾਸ਼ਕਾਰੀ ਭੁਚਾਲ ਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਮੇਰੇ ਦਿਲ 'ਚ ਬਹੁਤ ਹਮਦਰਦੀ ਹੈ, ਅਤੇ ਮੈਨੂੰ ਉਮੀਦ ਹੈ ਕਿ ਇਸ ਯੋਗਦਾਨ ਨਾਲ ਉਨ੍ਹਾਂ ਦੀਆਂ ਲੋੜਾਂ 'ਚ ਜ਼ਰੂਰ ਮਦਦ ਹੋਵੇਗੀ।" ਅਰਬਪਤੀ ਕਾਰੋਬਾਰੀ ਐੱਮ.ਏ.ਯੂਸੁਫ਼ ਅਲੀ ਦੇ ਜਵਾਈ ਵਾਇਆਲਿਲ ਨੇ ਕਿਹਾ।
ਵਾਇਆਲਿਲ ਨੇ ਭਾਰਤ ਵਿੱਚ ਵੀ ਸਹਾਇਤਾ ਯਤਨਾਂ ਵਿੱਚ ਅਨੇਕਾਂ ਵਾਰ ਯੋਗਦਾਨ ਪਾਇਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਫ਼ੰਡ ਵਿੱਚ ਪਾਇਆ ਯੋਗਦਾਨ ਵੀ ਸ਼ਾਮਲ ਹੈ।
2018 ਵਿੱਚ, ਉਹ ਨਿਪਾਹ ਵਾਇਰਸ ਵਿਰੁੱਧ ਜੰਗ ਦੌਰਾਨ ਕੇਰਲ ਦੀ ਸਹਾਇਤਾ ਲਈ ਮੈਡੀਕਲ ਸਪਲਾਈ ਅਤੇ ਸੁਰੱਖਿਆਤਮਕ ਸਾਜ਼ੋ-ਸਮਾਨ ਨਾਲ ਭਰਿਆ ਇੱਕ ਪੂਰਾ ਜਹਾਜ਼ ਵੀ ਭੇਜ ਚੁੱਕਿਆ ਹੈ।
ਵਾਇਆਲਿਲ ਨੇ ਇੱਕ ਪੁਨਰਵਾਸ ਅਤੇ ਪੁਨਰ ਨਿਰਮਾਣ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਸੂਬੇ ਅੰਦਰ ਹੜ੍ਹ ਨਾਲ ਨੁਕਸਾਨੇ ਗਏ ਪ੍ਰਾਇਮਰੀ ਸਿਹਤ ਕੇਂਦਰ ਨੂੰ ਇੱਕ ਮਾਡਲ ਪਰਿਵਾਰਕ ਸਿਹਤ ਕੇਂਦਰ ਵਜੋਂ ਦੁਬਾਰਾ ਬਣਾਇਆ ਗਿਆ ਸੀ।
ਉਹ ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਅਤੇ ਕਾਰੋਬਾਰੀ ਵਾਰੇਨ ਬਫੇਟ ਦੁਆਰਾ ਦੁਨੀਆ ਭਰ 'ਚ ਚੰਗੇ ਕਾਰਜ ਚਲਾਉਣ ਲਈ ਬਣਾਈ ਗਈ ਜੱਥੇਬੰਦੀ 'ਦ ਗਿਵਿੰਗ ਪਲੈੱਜ' ਵਿੱਚ ਵੀ ਸ਼ਾਮਲ ਹੈ।