
ਨਿਊਯਾਰਕ ਵਿਚ ਸ਼ਨੀਵਾਰ ਨੂੰ ਅਚਾਨਕ ਬਿਜਲੀ ਚਲੀ ਗਈ ਅਤੇ ਪੂਰੇ ਸ਼ਹਿਰ ਵਿਚ ਹਨੇਰਾ ਪਸਰ ਗਿਆ। ਇਸ ਨਾਲ 50 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ।
ਵਾਸ਼ਿੰਗਟਨ: ਨਿਊਯਾਰਕ ਵਿਚ ਸ਼ਨੀਵਾਰ ਨੂੰ ਅਚਾਨਕ ਬਿਜਲੀ ਚਲੀ ਗਈ ਅਤੇ ਪੂਰੇ ਸ਼ਹਿਰ ਵਿਚ ਹਨੇਰਾ ਪਸਰ ਗਿਆ। ਇਸ ਨਾਲ 50 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਮਿਡ ਟਾਊਨ ਮੈਨਹਟਨ ਅਤੇ ਅਪਰ ਸਾਈਡ ਦੇ ਸਨ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਬਿਜਲੀ ਸੇਵਾ ਕੰਪਨੀ ਕਾਨ ਏਡਿਸਨ ਨੇ ਦੱਸਿਆ ਕਿ ਸ਼ਨੀਵਾਰ ਰਾਤ ਸਾਢੇ 8 ਵਜੇ ਅਚਾਨਕ ਬੱਤੀ ਗੁੱਲ ਹੋ ਗਈ। ਇਸ ਨਾਲ ਦੱਖਣ ਦੀ 40ਵੀਂ ਸਟ੍ਰੀਟ ਤੋਂ ਲੈ ਕੇ ਉੱਤਰ ਵਿਚ 72ਵੀਂ ਸਟ੍ਰੀਟ ਤੱਕ ਅਤੇ 5th ਅਵੈਨਿਉ ਤੋਂ ਹਡਸਨ ਨਦੀ ਤੱਕ ਫੈਲੇ ਖੇਤਰ ਪ੍ਰਭਾਵਿਤ ਹੋਏ।
Blackout in New York
ਨਤੀਜੇ ਵਜੋਂ ਮਸ਼ਹੂਰ ਟਾਈਮਜ਼ ਸਕੁਏਅਰ ਬਿਲਬੋਰਡਜ਼ ‘ਤੇ ਵੀ ਹਨੇਰਾ ਪਸਰ ਗਿਆ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਹੇਲਸ ਕਿਚਨ ਦੇ ਸਾਰੇ ਰੈਸਟੋਰੇਂਟ ਵੀ ਹਨੇਰੇ ਵਿਚ ਡੁੱਬ ਗਏ ਅਤੇ ਸ਼ਹਿਰ ਦੇ ਪ੍ਰਭਾਵਿਤ ਹਿੱਸਿਆਂ ਵਿਚ ਸਟ੍ਰੀਟ ਲਾਈਟਾਂ ਵੀ ਬੰਦ ਹੋ ਗਈਆਂ। ਬਿਜਲੀ ਨਾ ਹੋਣ ਕਾਰਨ ਸ਼ਹਿਰ ਦਾ ਸਬਵੇ ਸਿਸਟਮ ਵੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋਇਆ ਅਤੇ ਚਾਰ ਸਟੇਸ਼ਨਾਂ ਨੂੰ ਬਿਜਲੀ ਨਾ ਹੋਣ ਕਾਰਨ ਬੰਦ ਕਰ ਦਿੱਤਾ ਗਿਆ।
ਮੈਟਰੋਪੋਲੀਟਨ ਟ੍ਰਾਂਸਪੋਰਟ ਅਥਾਰਟੀ ਨੇ ਟਵੀਟ ਕੀਤਾ ਕਿ ਛੇਵੇਂ ਅਵੈਨਿਊ ਅਤੇ ਅੱਠਵੇਂ ਅਵੈਨਿਊ ‘ਤੇ ਸਿਗਨਲ ਪ੍ਰਭਾਵਤ ਹੋਏ ਸਨ, ਜਿਸ ਨਾਲ ਕਈ ਲਾਈਨਾਂ ਦੀਆਂ ਸੇਵਾਵਾਂ ਬੰਦ ਹੋਈਆਂ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੇ ਬਲਾਸਿਓ ਨੇ ਟਵੀਟ ਕੀਤਾ ਕਿ ਮੈਨਹੋਲ ਦੀ ਅੱਗ ਦੇ ਕਾਰਨ ਬਲੈਕ ਆਊਟ ਨੂੰ ਠੀਕ ਕਰਨ ਲਈ ਐਮਰਜੈਂਸੀ ਸੇਵਾਵਾਂ ਅਤੇ ਪੁਲਿਸ ਵਿਭਾਗ ਸਮੇਤ ਸ਼ਹਿਰ ਦੀਆਂ ਕਈ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ।