
ਜੰਮੂ ਕਸ਼ਮੀਰ ਅਤੇ ਲੱਦਾਖ਼ ਲਈ 529 ਕਰੋੜ ਦੇ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ
ਨਵੀਂ ਦਿੱਲੀ, 14 ਅਕਤੂਬਰ : ਸਿਖਿਆ ਮੰਤਰਾਲਾ ਦੇ ਸਕੂਲੀ ਸਿਖਿਆ ਅਤੇ ਸਾਖਰਤਾ ਵਿਭਾਗ ਤਹਿਤ ਕੇਂਦਰ ਵਲੋਂ ਪ੍ਰਸਤਾਵਿਤ ਨਵੀਂ ਯੋਜਨਾ ਦੇ ਤੌਰ 'ਤੇ ਸਟਾਰਜ਼ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਵੇਗਾ। ਛੇ ਸੂਬੇ ਇਸ ਦੇ ਦਾਇਰੇ ਵਿਚ ਆਉਣਗੇ। ਕੇਂਦਰੀ ਮੰਤਰੀ ਮੰਡਲ ਨੇ ਨਵੀਂ ਸਿਖਿਆ ਨੀਤੀ ਤਹਿਤ 5718 ਕਰੋੜ ਰੁਪਏ ਦੇ ਸਟਾਰਜ਼ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਨਰੇਂਦਰ ਸਿੰਘ ਤੋਮਰ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿਤੀ।
ਜਾਵੜੇਕਰ ਨੇ ਦਸਿਆ ਕਿ ਕੈਬਨਿਟ ਨੇ ਕੇਂਦਰ ਸਾਸ਼ਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ਼ ਲਈ ਰਾਸ਼ਟਰੀ ਪੇਂਡੂ ਰੋਜ਼ੀ ਰੋਟੀ ਮਿਸ਼ਨ 'ਦੀਨਦਿਆਲ ਅੰਤਯੋਦਿਆ' ਤਹਿਤ 529 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨੂੰ ਵੀ ਮਨਜ਼ੂਰੀ ਦਿਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਇਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ ਕਿ ਨਵੀਂ ਰਾਸ਼ਟਰੀ ਸਿਖਿਆ ਨੀਤੀ ਨੂੰ ਹੁਣ ਲਾਗੂ ਕੀਤਾ ਜਾਵੇਗਾ। ਇਸ ਲਈ ਸਟਾਰਜ਼ ਪ੍ਰੋਗਰਾਮ ਨਿਰਧਾਰਤ ਕੀਤਾ ਗਿਆ ਹੈ। ਹੁਣ ਸਿਖਿਆ ਵਿਚ ਰੱਟੇ ਮਾਰ ਕੇ ਪੜ੍ਹਾਈ ਕਰਨਾ ਨਹੀਂ ਬਲਕਿ ਸਮਝ ਕੇ ਸਿੱਖਣਾ ਹੋਵੇਗਾ। ਜਾਵੜੇਕਰ ਨੇ ਕਿਹਾ ਕਿ ਦੀਨ ਦਿਆਲ ਅੰਤਿਯੋਦਿਆ ਰਾਸ਼ਟਰੀ ਰੋਜ਼ੀ ਰੋਟੀ ਮਿਸ਼ਨ ਯੋਜਨਾ ਦੇਸ਼ ਦੇ ਸਾਰੇ ਪੇਂਡੂ ਖੇਤਰਾਂ 'ਚ ਚਲਦੀ ਹੈ। ਪੇਂਡੂ ਕਸ਼ਮੀਰ, ਲੱਦਾਖ਼ ਅਤੇ ਜੰਮੂ ਵਿਚ ਰਹਿੰਦੇ ਲੋਕ ਇਸ ਯੋਜਨਾ ਵਿਚ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਅਤੇ ਲੱਦਾਖ਼ ਲਈ 520 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਪੰਜ ਸਾਲਾਂ ਤਕ ਰਹੇਗਾ। 10,58,000 ਪਰਵਾਰ ਇਸ ਤੋਂ ਲਾਭ ਲੈਣਗੇ।
(ਪੀਟੀਆਈ)