
South Africa News: ਬੱਸ ਸੜਕ ਤੋਂ ਫਿਸਲ ਕੇ ਇਕ ਖੱਡ 'ਚ ਡਿੱਗੀ
Road accident in South Africa: ਦੱਖਣੀ ਅਫ਼ਰੀਕਾ ਦੇ ਉੱਤਰ ’ਚ ਇਕ ਪਹਾੜੀ ਖੇਤਰ ’ਚ ਬੱਸ ਹਾਦਸੇ ’ਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਇਹ ਹਾਦਸਾ ਐਤਵਾਰ ਨੂੰ ਰਾਜਧਾਨੀ ਪ੍ਰਿਟੋਰੀਆ ਤੋਂ ਲਗਭਗ 400 ਕਿਲੋਮੀਟਰ ਉਤਰ ’ਚ ਲੂਈਸ ਟ੍ਰਿਚਰਡ ਸ਼ਹਿਰ ਦੇ ਨੇੜੇ ਐਚ-1 ਹਾਈਵੇਅ ’ਤੇ ਵਾਪਰਿਆ। ਰੋਡ ਟਰੈਫ਼ਿਕ ਮੈਨੇਜਮੈਂਟ ਕਾਰਪੋਰੇਸ਼ਨ ਦੇ ਬੁਲਾਰੇ ਸਾਈਮਨ ਜਵਾਨੇ ਨੇ ਦੱਖਣੀ ਅਫ਼ਰੀਕਾ ਦੇ ਸਮਾਚਾਰ ਆਊਟਲੈਟ ਨੂੰ ਦਸਿਆ ਕਿ ਅਧਿਕਾਰੀਆਂ ਨੇ 42 ਮੌਤਾਂ ਦੀ ਪੁਸ਼ਟੀ ਕੀਤੀ ਹੈ ਪਰ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਦੀ ਅਜੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ।
ਸੂਬਾਈ ਸਰਕਾਰ ਨੇ ਕਿਹਾ ਕਿ ਬੱਸ ਸੜਕ ਤੋਂ ਫਿਸਲ ਕੇ ਇਕ ਖੱਡ ’ਚ ਜਾ ਡਿੱਗੀ। ਅਧਿਕਾਰੀਆਂ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ’ਚ ਨੀਲੀ ਬੱਸ ਖੱਡ ’ਚ ਉਲਟੀ ਪਈ ਦਿੱਸ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਬੱਸ ਦੱਖਣੀ ਅਫ਼ਰੀਕਾ ਦੇ ਈਸਟਰਨ ਕੇਪ ਤੋਂ ਦੇਸ਼ ਦੇ ਦੱਖਣ ’ਚ ਆ ਰਹੀ ਸੀ।
ਲਿਮਪੋਪੋ ਸੂਬੇ ਦੀ ਸਰਕਾਰ ਨੇ ਇਕ ਬਿਆਨ ’ਚ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਬੱਸ ’ਚ ਜ਼ਿੰਬਾਬਵੇ ਅਤੇ ਮਲਾਵੀ ਦੇ ਨਾਗਰਿਕ ਸਵਾਰ ਸਨ, ਜੋ ਅਪਣੇ ਦੇਸ਼ ਜਾ ਰਹੇ ਸਨ। ਸੂਬਾਈ ਸਰਕਾਰ ਨੇ ਤੁਰਤ ਜ਼ਖ਼ਮੀਆਂ ਦੀ ਗਿਣਤੀ ਨਹੀਂ ਦੱਸੀ ਪਰ ਕਿਹਾ ਕਿ ਕਈ ਜਿਊਂਦੇ ਬਚੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।