ਇੰਗਲੈਂਡ ਵਿਚ ਸਿਹਤ ਅਧਿਕਾਰੀਆਂ ਨੇ ਇਕ ਅਜਿਹੀ ਨਵੀਂ ਐਂਟੀਬਾਡੀ ਜਾਂਚ ਨੂੰ ਮਨਜ਼ੂਰੀ ਦਿਤੀ ਹੈ ਕਿ ਕੋਈ ਵਿਅਕਤੀ ਪਹਿਲਾਂ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਸੀ ਜਾਂ ਨਹੀਂ।
ਲੰਡਨ, 14 ਮਈ: ਇੰਗਲੈਂਡ ਵਿਚ ਸਿਹਤ ਅਧਿਕਾਰੀਆਂ ਨੇ ਇਕ ਅਜਿਹੀ ਨਵੀਂ ਐਂਟੀਬਾਡੀ ਜਾਂਚ ਨੂੰ ਮਨਜ਼ੂਰੀ ਦਿਤੀ ਹੈ ਕਿ ਕੋਈ ਵਿਅਕਤੀ ਪਹਿਲਾਂ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਸੀ ਜਾਂ ਨਹੀਂ। ਪਬਲਿਕ ਹੈਲਥ ਇੰਗਲੈਂਡ ਨੇ ਦਸਿਆ ਕਿ ਸਵਿਟਜ਼ਰਲੈਂਡ ਦੀ ਦਵਾਈ ਕੰਪਨੀ ਰੋਸ਼ੇ ਵਲੋਂ ਵਿਕਸਤ ਇਹ ਜਾਂਚ ਬਹੁਤ ਹੀ ਸਾਕਾਰਾਤਮਕ ਪ੍ਰਾਪਤੀ ਹੈ। ਇਸ ਵਿਚ ਖ਼ੂਨ ਦੀ ਜਾਂਚ ਕਰ ਕੇ ਐਂਟੀਬਾਡੀ ਰਾਹੀਂ ਇਹ ਵੇਖਿਆ ਜਾਂਦਾ ਹੈ ਕਿ ਕੀ ਵਿਅਕਤੀ ਪਹਿਲਾਂ ਕਦੇ ਵਾਇਰਸ ਨਾਲ ਪ੍ਰਭਾਵਤ ਸੀ ਅਤੇ ਹੁਣ ਉਸ ਵਿਚ ਇਸ ਨਾਲ ਲੜਨ ਦੀ ਕੁੱਝ ਸਮਰਥਾ ਹੋ ਸਕਦੀ ਹੈ।
ਬ੍ਰਿਟੇਨ ਕੋਰੋਨਾ ਵਾਇਰਸ ਜਾਂਚ ਪ੍ਰੋਗਰਾਮ ਦੇ ਰਾਸ਼ਟਰੀ ਸੰਯੋਜਕ ਪ੍ਰੋਫੈਸਰ ਜਾਨ ਨਿਊਟਨ ਨੇ ਕਿਹਾ ਕਿ ਇਹ ਬਹੁਤ ਹੀ ਸਾਕਾਰਾਤਮਕ ਉਪਲੱਬਧੀ ਹੈ ਕਿਉਂਕਿ ਅਜਿਹੀ ਸਟੀਕ ਐਂਟੀਬਾਡੀ ਜਾਂਚ ਪਹਿਲਾਂ ਦੇ ਵਾਇਰਸ ਦਾ ਪਤਾ ਲਾਉਣ ਲਈ ਬਹੁਤ ਭਰੋਸੇਯੋਗ ਹੈ। 'ਦ ਗਾਰਡੀਅਨ' ਦੀ ਖਬਰ ਮੁਤਾਬਕ 40 ਹਜ਼ਾਰ ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਕਾਰਣ ਜਾਨ ਗੁਆ ਚੁੱਕੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਇਸ ਜਾਨਲੇਵਾ ਵਾਇਰਸ ਦੇ ਵਿਰੁਧ ਲੜਾਈ ਵਿਚ ਅਜਿਹੇ ਐਂਟੀਬਾਡੀ ਜਾਂਚ ਨੂੰ ਮੀਲ ਪੱਥਰ ਕਰਾਰ ਦਿਤਾ ਸੀ।
ਸਿਹਤ ਤੇ ਸਮਾਜਿਕ ਦੇਖਭਾਲ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਐਂਟੀਬਾਡੀ ਜਾਂਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਤੇ ਇਹ ਸਮਝਣ ਵਿਚ ਮਦਦ ਕਰਨ ਦੀ ਸਾਡੀ ਰਣਨੀਤੀ ਦਾ ਅਹਿਮ ਹਿੱਸਾ ਹੈ ਕਿ ਕਿਸ ਨੂੰ ਇਹ ਬੀਮਾਰੀ ਰਹੀ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਂਕਾਕ ਨੇ ਬੀਤੇ ਹਫਤੇ ਕਿਹਾ ਸੀ ਕਿ ਉਹਨਾਂ ਦਾ ਦੇਸ਼ ਕੋਰੋਨਾ ਵਾਇਰਸ ਐਂਟੀਬਾਡੀ ਜਾਂਚ ਵਿਆਪਕ ਪੈਮਾਨੇ 'ਤੇ ਕਰਵਾਉਣ ਦੇ ਲਈ ਦਵਾਈ ਕੰਪਨੀ ਰੋਸ਼ੇ ਦੇ ਨਾਲ ਗੱਲਬਾਤ ਕਰ ਰਿਹਾ ਹੈ।
(ਪੀਟੀਆਈ)
 
                    
                