
ਪੈਟਰੋਲ ਪੰਪ ਵਾਲਿਆਂ ਨੂੰ ਬਿਨਾ ਹੈਲਮੇਟ ਤੋਂ ਵਾਹਨ ਚਲਾਉਣ ਵਾਲਿਆਂ ਨੂੰ ਪੈਟਰੋਲ ਨਾ ਦੇਣ ਦਾ ਦਿੱਤਾ ਹੁਕਮ
ਸਿੰਧ : ਪਾਕਿਸਤਾਨ ਸਥਿਤ ਲਹਿੰਦੇ ਪੰਜਾਬ ਅਧੀਨ ਆਉਂਦੇ ਸਿੰਧ ਅਤੇ ਖੈਬਰ ਇਲਾਕਿਆਂ ’ਚ ਸਿੱਖਾਂ ਨੂੰ ਕਥਿਤ ਤੌਰ ’ਤੇ ਪੁਲਿਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਕਿਸਤਾਨੀ ਪੁਲਿਸ ਦਸਤਾਰ ਸਿੱਖਾਂ ਦਾ ਦੋ ਪਹੀਆ ਵਾਹਨ ਚਲਾਉਣ ’ਤੇ ਚਲਾਨ ਕਰ ਦਿੰਦੀ ਹੈ। ਇਸ ਤੋਂ ਇਲਾਵਾ ਪੈਟਰੋਲ ਪੰਪਾਂ ਵਾਲਿਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਬਿਨਾ ਹੈਲਮਟ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਪੈਟਰੋਲ ਨਾ ਦਿੱਤਾ ਜਾਵੇ। ਜਿਸ ਦੇ ਚਲਦਿਆਂ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਕਾਫ਼ੀ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਹੈ।
ਸਿੱਖ ਮਰਿਆਦਾ ਅਨੁਸਾਰ ਇਕ ਸਿੱਖ ਨੂੰ ਕਿਸੇ ਵੀ ਤਰ੍ਹਾਂ ਦੀ ਟੋਪੀ ਜਾਂ ਹੈਟ ਪਹਿਨਣ ਦੀ ਆਗਿਆ ਨਹੀਂ ਹੈ। ਸਿੱਖਾਂ ਨੂੰ ਸਿਰਫ਼ ਦਸਤਾਰ ਸਜਾਉਣ ਦੀ ਆਗਿਆ ਹੈ। ਸਿੱਖ ਬ੍ਰਦਰਹੁੱਡ ਦੇ ਇੰਟਰਨੈਸ਼ਨਲ ਸੈਕਟਰੀ ਜਨਰਲ ਗੁਨਜੀਤ ਸਿੰਘ ਬਖਸ਼ੀ ਨੇ ਕਿਹਾ ਕਿ ਇਹ ਸਥਿਤੀ ਸਿੱਖਾਂ ਪ੍ਰਤੀ ਡੂੰਘੀ ਨਫ਼ਤਰ ਨੂੰ ਪ੍ਰਗਟਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਲੋਕਾਂ ਦੇ ਪੁਰਖਿਆਂ ਵੱਲੋਂ ਸਿੱਖਾਂ ’ਤੇ ਜ਼ੁਲਮ ਕੀਤੇ ਸਨ, ਉਸੇ ਤਰ੍ਹਾਂ ਦੀ ਸੋਚ ਅੱਜ ਵੀ ਬਣੀ ਹੋਈ ਹੈ। ਜਾਣ ਬੁੱਝ ਕੇ ਬਣਾਏ ਗਏ ਕਾਨੂੰਨਾਂ ਦਾ ਮਕਸਦ ਸਿੱਖਾਂ ਨੂੰ ਦਸਤਾਰ ਉਤਾਰ ਕੇ ਹੈਲਮੇਟ ਪਹਿਨਣ ਲਈ ਮਜਬੂਰ ਕਰਨਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਦੱਸਿਆ ਕਿ ਫਰਾਂਸ ’ਚ ਪਹਿਲਾਂ ਅਜਿਹੀ ਦਿੱਕਤ ਆਈ ਸੀ, ਜਿੱਥੇ ਦਸਤਾਰ ’ਤੇ ਪਾਬੰਦੀ ਲਗਾਉਣ ਦੇ ਵਿਰੋਧ ’ਚ ਪ੍ਰਦਰਸ਼ਨ ਹੋਏ ਸਨ। ਉਸ ਸਮੇਂ ਬਖਸ਼ੀ ਜਗਦੇਵ ਸਿੰਘ, ਜਥੇਦਾਰ ਸੰਤੋਖ ਸਿੰਘ ਅਤੇ ਹੋਰ ਸਿੱਖ ਆਗੂਆਂ ਨੇ ਦਿੱਲੀ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਫਰਾਂਸ ਸਰਕਾਰ ਨੂੰ ਸਿੱਖਾਂ ਲਈ ਦਸਤਾਰ ਦੀ ਧਾਰਮਿਕ ਅਹਿਮੀਅਤ ਦੀ ਵਿਆਖਿਆ ਕੀਤੀ, ਜਿਸ ਤੋਂ ਬਾਅਦ ਫਰਾਂਸ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਜ਼ਰੂਰਤ ਪਈ ਤਾਂ ਸਿੱਖ ਭਾਈਚਾਰੇ ਆਪਣੀ ਅਵਾਜ਼ ਨੂੰ ਉਠਾਉਣ ਤੋਂ ਪਿੱਛੇ ਨਹੀਂ ਹਟੇਗਾ।