ਇਸ ਤੋਂ ਪਹਿਲਾਂ ਇੰਡੀਆ ਹੈੱਡ ਅਜੀਤ ਮੋਹਨ ਵੀ ਮੇਟਾ ਕੰਪਨੀ ਤਿਆਗ ਚੁੱਕੇ ਹਨ
ਨਵੀਂ ਦਿੱਲੀ - ਫ਼ੇਸਬੁੱਕ ਦੀ ਮਾਲਕ ਕੰਪਨੀ ਮੇਟਾ ਤੋਂ ਭਾਰਤ ਦੇ ਦੋ ਹੋਰ ਸੀਨੀਅਰ ਅਧਿਕਾਰੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ। ਵਟਸਐਪ ਦੇ ਇੰਡੀਆ ਹੈੱਡ ਅਭੀਜੀਤ ਬੋਸ ਅਤੇ ਭਾਰਤ ਵਿੱਚ ਮੇਟਾ ਪਲੇਟਫ਼ਾਰਮ ਇਨਕਾਰਪੋਰੇਟ ਦੇ ਪਬਲਿਕ ਪਾਲਿਸੀ ਡਾਇਰੈਕਟਰ ਰਾਜੀਵ ਅਗਰਵਾਲ ਨੇ ਅਸਤੀਫ਼ਾ ਦੇ ਦਿੱਤਾ ਹੈ।
ਇਨ੍ਹਾਂ ਦੋ ਅਸਤੀਫ਼ਿਆਂ ਤੋਂ ਪਹਿਲਾ ਇਸੇ ਮਹੀਨੇ ਦੇ ਸ਼ੁਰੂ ਵਿੱਚ ਮੇਟਾ ਦੇ ਇੰਡੀਆ ਹੈੱਡ ਅਜੀਤ ਮੋਹਨ ਵੀ ਮੇਟਾ ਕੰਪਨੀ ਤਿਆਗ ਚੁੱਕੇ ਹਨ। ਅਜੀਤ ਮੋਹਨ ਨੇ ਫ਼ੇਸਬੁੱਕ ਚਾਰ ਸਾਲਾਂ ਬਾਅਦ ਛੱਡੀ, ਅਤੇ ਹੁਣ ਉਨ੍ਹਾਂ ਵੱਲੋਂ ਵਿਰੋਧੀ ਕੰਪਨੀ ਸਨੈਪ ਇਨਕਾਰਪੋਰੇਟ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ।
ਮੇਟਾ ਵੱਲੋਂ ਵਿਸ਼ਵਵਿਆਪੀ ਛਾਂਟੀ ਦੀ ਘੋਸ਼ਣਾ ਦੇ ਕੁਝ ਦਿਨਾਂ ਬਾਅਦ ਅਜਿਹੀਆਂ ਖ਼ਬਰਾਂ ਲਗਾਤਾਰ ਬਣੀਆਂ ਹੋਈਆਂ ਹਨ। ਮੇਟਾ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੰਪਨੀ ਆਪਣੇ ਕਰਮਚਾਰੀਆਂ ਦੇ 13% ਜਾਂ ਲਗਭਗ 11000 ਨੌਕਰੀਆਂ ਖ਼ਤਮ ਕਰ ਰਹੀ ਹੈ। ਹਾਲਾਂਕਿ, ਇੱਕ ਮੇਟਾ ਦੇ ਬੁਲਾਰੇ ਨੇ ਇਹ ਵੀ ਕਿਹਾ ਸੀ ਕਿ ਹਾਲੀਆ ਦੋਵੇਂ ਅਸਤੀਫ਼ਿਆਂ ਦਾ ਛਾਂਟੀ ਨਾਲ ਕੋਈ ਸੰਬੰਧ ਨਹੀਂ।
ਵਟਸਐਪ ਪਬਲਿਕ ਪਾਲਿਸੀ ਇੰਡੀਆ ਦੇ ਡਾਇਰੈਕਟਰ ਸ਼ਿਵਨਾਥ ਠੁਕਰਾਲ ਨੂੰ ਪਬਲਿਕ ਪਾਲਿਸੀ, ਮੇਟਾ ਇੰਡੀਆ (ਭਾਰਤ ਵਿੱਚ ਫ਼ੇਸਬੁੱਕ, ਇਨਸਟਾਗ੍ਰਾਮ ਅਤੇ ਵਟਸਐਪ ਵਿੱਚ) ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਦਾ ਕਹਿਣਾ ਹੈ ਕਿ ਕੰਪਨੀ ਹਾਲਾਂਕਿ ਅਭੀਜੀਤ ਬੋਸ ਦੇ ਬਦਲ ਦੀ ਤਲਾਸ਼ ਵਿੱਚ ਲੱਗੀ ਹੋਈ ਹੈ।