ਭਾਰਤ ਦੀ ਕੁੱਲ ਦੌਲਤ ਦਾ 40 ਫ਼ੀਸਦੀ, ਦੇਸ਼ ਦੇ 1 ਫ਼ੀਸਦੀ ਅਮੀਰਾਂ ਦੇ ਹੱਥਾਂ ਹੇਠ - ਰਿਪੋਰਟ 
Published : Jan 16, 2023, 1:37 pm IST
Updated : Jan 16, 2023, 1:37 pm IST
SHARE ARTICLE
Image For Representative Purpose Only
Image For Representative Purpose Only

ਪਿਛਲੇ 25 ਸਾਲਾਂ 'ਚ ਅੱਤ ਦੀ ਅਮੀਰੀ ਤੇ ਅੱਤ ਦੀ ਗ਼ਰੀਬੀ ਇਕੱਠਿਆਂ ਵਧੀ 

 

ਦਾਵੋਸ - ਭਾਰਤ ਦੀ ਕੁੱਲ ਸੰਪੱਤੀ ਦਾ 40 ਫ਼ੀਸਦੀ ਹਿੱਸਾ, ਦੇਸ਼ ਦੇ 1 ਫ਼ੀਸਦੀ ਸਭ ਤੋਂ ਅਮੀਰ ਲੋਕਾਂ ਦੇ ਹੱਥ ਹੇਠ ਹੈ। ਦੂਜੇ ਪਾਸੇ, ਹੇਠਲੇ 50 ਫ਼ੀਸਦੀ ਲੋਕਾਂ ਕੋਲ ਕੁੱਲ ਸੰਪੱਤੀ ਦਾ ਸਿਰਫ਼ 3 ਫ਼ੀਸਦੀ ਹੀ ਹੈ।

ਵਿਸ਼ਵ ਆਰਥਿਕ ਫੋਰਮ (ਡਬਲਯੂ.ਈ.ਐਫ਼.) ਦੀ ਸਾਲਾਨਾ ਬੈਠਕ ਦੇ ਪਹਿਲੇ ਦਿਨ, ਸੋਮਵਾਰ ਨੂੰ ਇੱਥੇ ਆਪਣੀ ਸਾਲਾਨਾ ਅਸਮਾਨਤਾ ਰਿਪੋਰਟ ਵਿੱਚ ਅਧਿਕਾਰ ਸਮੂਹ ਆਕਸਫੈਮ  ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ 'ਤੇ 5 ਫ਼ੀਸਦੀ ਟੈਕਸ ਲਗਾਉਣ ਨਾਲ ਬੱਚਿਆਂ ਨੂੰ ਸਕੂਲ ਵਾਪਸ ਲਿਆਉਣ ਲਈ ਪੂਰੀ ਪੂੰਜੀ ਹਾਸਲ ਕੀਤੀ ਜਾ ਸਕਦੀ ਹੈ। 

ਇਸ 'ਚ ਕਿਹਾ ਗਿਆ ਹੈ, 'ਸਿਰਫ਼ ਇੱਕ ਅਰਬਪਤੀ ਗੌਤਮ ਅਡਾਨੀ ਨੂੰ 2017-2021 ਵਿਚਕਾਰ ਮਿਲੇ ਗ਼ੈਰ-ਵਾਜਿਬ ਲਾਭ 'ਤੇ ਇੱਕਮੁਸ਼ਤ ਟੈਕਸ ਲਗਾ ਕੇ 1.79 ਲੱਖ ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ, ਜੋ ਭਾਰਤੀ ਪ੍ਰਾਇਮਰੀ ਸਕੂਲਾਂ ਦੇ 50 ਲੱਖ ਤੋਂ ਵੱਧ ਅਧਿਆਪਕਾਂ ਨੂੰ ਇੱਕ ਸਾਲ ਦਾ ਰੁਜ਼ਗਾਰ ਦੇਣ ਲਈ ਕਾਫ਼ੀ ਹੈ।' 

ਇਸ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਭਾਰਤ ਦੇ ਅਰਬਪਤੀਆਂ ਦੀ ਸਾਰੀ ਸੰਪੱਤੀ 'ਤੇ 2 ਫ਼ੀਸਦੀ ਦੀ ਦਰ ਨਾਲ ਇੱਕਮੁਸ਼ਤ ਟੈਕਸ ਲਗਾਇਆ ਜਾਵੇ, ਤਾਂ ਇਸ ਨਾਲ ਦੇਸ਼ 'ਚ ਅਗਲੇ ਤਿੰਨ ਸਾਲਾਂ ਤੱਕ ਕੁਪੋਸ਼ਿਤ ਲੋਕਾਂ ਦੇ ਪੋਸ਼ਣ ਲਈ 40,423 ਕਰੋੜ ਰੁਪਏ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ।

ਰਿਪੋਰਟ ਅਨੁਸਾਰ, 'ਦੇਸ਼ ਦੇ 10 ਸਭ ਤੋਂ ਅਮੀਰ ਅਰਬਪਤੀਆਂ 'ਤੇ ਪੰਜ ਫ਼ੀਸਦੀ (1.37 ਲੱਖ ਕਰੋੜ ਰੁਪਏ) ਦਾ ਇੱਕਮੁਸ਼ਤ ਟੈਕਸ ਲਗਾਉਣ ਤੋਂ ਮਿਲੀ ਰਕਮ, 2022-23 ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (86,200 ਕਰੋੜ ਰੁਪਏ) ਅਤੇ ਆਯੂਸ਼ ਮੰਤਰਾਲਾ ਦੇ ਬਜਟ ਨਾਲੋਂ 1.5 ਗੁਣਾ ਵੱਧ ਹੈ।'

ਰਿਪੋਰਟ ਵਿੱਚ ਲਿੰਗ ਅਸਮਾਨਤਾ ਦੇ ਮੁੱਦੇ 'ਤੇ ਕਿਹਾ ਗਿਆ ਹੈ ਕਿ ਮਹਿਲਾ ਕਰਮਚਾਰੀਆਂ ਨੂੰ ਇੱਕ ਪੁਰਸ਼ ਕਰਮਚਾਰੀ ਦੁਆਰਾ ਕਮਾਏ ਗਏ ਹਰ 1 ਰੁਪਏ ਦੇ ਮੁਕਾਬਲੇ ਸਿਰਫ਼ 63 ਪੈਸੇ ਮਿਲਦੇ ਹਨ।

ਇਸੇ ਤਰ੍ਹਾਂ ਅਨੁਸੂਚਿਤ ਜਾਤੀਆਂ ਅਤੇ ਪੇਂਡੂ ਮਜ਼ਦੂਰਾਂ ਨੂੰ ਮਿਲਣ ਵਾਲੇ ਮਿਹਨਤਾਨੇ ਵਿੱਚ ਵੀ ਵੱਡਾ ਅੰਤਰ ਹੈ। ਉੱਨਤ ਸਮਾਜਿਕ ਵਰਗ ਨੂੰ ਮਿਲਣ ਵਾਲੀ ਮਜ਼ਦੂਰੀ ਦੇ ਮੁਕਾਬਲੇ ਅਨੁਸੂਚਿਤ ਜਾਤੀਆਂ ਨੂੰ 55 ਪ੍ਰਤੀਸ਼ਤ ਅਤੇ ਪੇਂਡੂ ਮਜ਼ਦੂਰਾਂ ਨੂੰ  50 ਪ੍ਰਤੀਸ਼ਤ ਉਜਰਤ ਮਿਲਦੀ ਹੈ।

ਆਕਸਫੈਮ ਨੇ ਕਿਹਾ ਕਿ ਚੋਟੀ ਦੇ 100 ਭਾਰਤੀ ਅਰਬਪਤੀਆਂ 'ਤੇ 2.5 ਫ਼ੀਸਦੀ ਟੈਕਸ ਜਾਂ ਚੋਟੀ ਦੇ 10 ਭਾਰਤੀ ਅਰਬਪਤੀਆਂ 'ਤੇ ਪੰਜ ਫ਼ੀਸਦੀ ਟੈਕਸ ਲਗਾਉਣ ਨਾਲ ਬੱਚਿਆਂ ਨੂੰ ਸਕੂਲ ਵਾਪਸ ਲਿਆਉਣ ਲਈ ਲੋੜੀਂਦੀ ਲਗਭਗ ਪੂਰੀ ਰਕਮ ਹਾਸਲ ਹੋ ਜਾਵੇਗੀ। 

ਆਕਸਫੈਮ ਨੇ ਕਿਹਾ ਕਿ ਰਿਪੋਰਟ ਭਾਰਤ ਵਿੱਚ ਅਸਮਾਨਤਾ ਦੇ ਪ੍ਰਭਾਵ ਦੀ ਪੜਚੋਲ ਕਰਨ ਲਈ, ਗੁਣਾਤਮਕ ਅਤੇ ਮਾਤਰਾਤਮਕ ਜਾਣਕਾਰੀ ਦਾ ਮਿਸ਼ਰਣ ਹੈ।

ਆਕਸਫੈਮ ਇੰਡੀਆ ਦੇ ਸੀ.ਈ.ਓ. ਅਮਿਤਾਭ ਬੇਹਰ ਨੇ ਕਿਹਾ, "ਦੇਸ਼ ਦੇ ਹਾਸ਼ੀਏ 'ਤੇ ਪਏ ਲੋਕ - ਦਲਿਤ, ਆਦਿਵਾਸੀ, ਮੁਸਲਮਾਨ, ਔਰਤਾਂ ਅਤੇ ਗ਼ੈਰ-ਰਸਮੀ ਖੇਤਰ ਵਿੱਚ ਕੰਮ ਕਰਨ ਵਾਲੇ ਇੱਕ ਦੁਰਚੱਕਰ ਤੋਂ ਪੀੜਤ ਹਨ, ਜੋ ਸਭ ਤੋਂ ਅਮੀਰ ਲੋਕਾਂ ਦਾ ਬਚਾਅ ਯਕੀਨੀ ਬਣਾਉਂਦਾ ਹੈ।'

ਬੇਹਰ ਨੇ ਕਿਹਾ, "ਗ਼ਰੀਬ ਜ਼ਿਆਦਾ ਟੈਕਸ ਅਦਾ ਕਰ ਰਹੇ ਹਨ, ਅਮੀਰਾਂ ਨਾਲੋਂ ਜ਼ਰੂਰੀ ਵਸਤਾਂ ਅਤੇ ਸੇਵਾਵਾਂ 'ਤੇ ਜ਼ਿਆਦਾ ਖਰਚ ਕਰ ਰਹੇ ਹਨ। ਸਮਾਂ ਆ ਗਿਆ ਹੈ ਕਿ ਅਮੀਰਾਂ 'ਤੇ ਟੈਕਸ ਲਗਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਆਪਣਾ ਬਣਦਾ ਹਿੱਸਾ ਅਦਾ ਕਰਨ।'

ਬੇਹਰ ਨੇ ਕੇਂਦਰੀ ਵਿੱਤ ਮੰਤਰੀ ਨੂੰ ਦੌਲਤ ਟੈਕਸ ਅਤੇ ਵਿਰਾਸਤੀ ਟੈਕਸ ਵਰਗੇ ਪ੍ਰਗਤੀਸ਼ੀਲ ਟੈਕਸ ਉਪਾਅ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਟੈਕਸ ਅਸਮਾਨਤਾ ਨਾਲ ਨਜਿੱਠਣ ਲਈ ਇਤਿਹਾਸਕ ਤੌਰ 'ਤੇ ਕਾਰਗਰ ਸਾਬਤ ਹੋਏ ਹਨ।

ਆਕਸਫੈਮ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਸਭ ਤੋਂ ਅਮੀਰ ਇੱਕ ਪ੍ਰਤੀਸ਼ਤ ਨੇ ਪਿਛਲੇ ਦੋ ਸਾਲਾਂ ਵਿੱਚ ਦੁਨੀਆ ਦੀ ਬਾਕੀ ਆਬਾਦੀ ਨਾਲੋਂ ਲਗਭਗ ਦੁੱਗਣੀ ਦੌਲਤ ਇਕੱਠੀ ਕੀਤੀ ਹੈ।

ਰਿਪੋਰਟ ਅਨੁਸਾਰ, ਅਰਬਪਤੀਆਂ ਦੀ ਦੌਲਤ ਵਿੱਚ ਇੱਕ ਦਿਨ ਵਿੱਚ 2.7 ਅਰਬ ਡਾਲਰ ਬਿਲੀਅਨ ਦਾ ਵਾਧਾ ਹੋ ਰਿਹਾ ਹੈ, ਜਦੋਂ ਕਿ ਘੱਟੋ-ਘੱਟ 1.7 ਅਰਬ ਕਰਮਚਾਰੀ ਹੁਣ ਉਨ੍ਹਾਂ ਦੇਸ਼ਾਂ ਵਿੱਚ ਰਹਿੰਦੇ ਹਨ ਜਿੱਥੇ ਮਹਿੰਗਾਈ ਦਰ ਤਨਖ਼ਾਹ ਵਿੱਚ ਵਾਧੇ ਨਾਲੋਂ ਵੱਧ ਹੈ।

ਪਿਛਲੇ ਦਹਾਕੇ ਦੌਰਾਨ, ਦੁਨੀਆ ਦੇ ਸਭ ਤੋਂ ਅਮੀਰ ਇੱਕ ਪ੍ਰਤੀਸ਼ਤ ਨੇ ਸਾਰੀ ਨਵੀਂ ਦੌਲਤ ਦਾ ਲਗਭਗ ਅੱਧਾ ਹਿੱਸਾ ਹਾਸਲ ਕੀਤਾ। ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਅੱਤ ਦੀ ਅਮੀਰੀ ਅਤੇ ਅੱਤ ਦੀ ਗਰੀਬੀ ਇਕੱਠਿਆਂ ਵਧੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement