
ਪਟੀਸ਼ਨ ਵਿਚ ਕਿਹਾ ਗਿਆ ਕਿ ਸਾਲ 2017-18 ਦੇ ਸੂਬਾਈ ਬੱਜਟ ਵਿਚ ਇਸ ਲਈ ਲੋੜੀਂਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ
ਪੇਸ਼ਾਵਰ: ਉੱਤਰ ਪੱਛਮੀ ਪਾਕਿਸਤਾਨ ਵਿਚ ਇਕ ਸਿੱਖ ਆਗੂ ਨੇ ਪੇਸ਼ਾਵਰ ਉੱਚ ਅਦਾਲਤ ਮੂਹਰੇ ਪਟੀਸ਼ਨ ਪਾਈ ਹੈ ਅਤੇ ਮੰਗ ਕੀਤੀ ਹੈ ਕਿ ਖ਼ੈਬਰ ਪਖ਼ਤੂਨ ਸਰਕਾਰ ਉਨ੍ਹਾਂ ਨੂੰ ਫੰਡ ਮੁਹਈਆ ਕਰਵਾਏ ਤਾਂ ਕਿ ਉਹ ਸ਼ਮਸ਼ਾਨ ਘਾਟ ਦੀ ਉਸਾਰੀ ਕਰਵਾ ਸਕਣ ਜਿਸ ਨਾਲ ਸਿੱਖ ਭਾਈਚਾਰੇ ਦੇ ਲੋਕ ਆਪਣੇ ਪਿਆਰਿਆਂ ਨੂੰ ਦਫ਼ਨਾਉਣ ਦੀ ਬਜਾਏ ਸਿੱਖ ਰੀਤੀ ਰਿਵਾਜਾਂ ਤਹਿਤ ਸਸਕਾਰ ਕਰ ਸਕਣ।
ਸਿੱਖ ਆਗੂ ਬਾਬਾਜੀ ਗੁਰੂ ਗੁਰਪਾਲ ਸਿੰਘ ਵਲੋਂ ਆਪਣੇ ਵਕੀਲ ਜ਼ਰੀਏ ਇਹ ਪਟੀਸ਼ਨ ਮੰਗਲਵਾਰ ਨੂੰ ਪਾਈ ਗਈ ਅਤੇ ਇਸ ਵਿਚ ਕਿਹਾ ਗਿਆ ਕਿ ਸਾਲ 2017-18 ਦੇ ਸੂਬਾਈ ਬੱਜਟ ਵਿਚ ਇਸ ਲਈ ਲੋੜੀਂਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ ਜਿਸ ਨਾਲ ਸ਼ਹਿਰ ਵਿਚ ਈਸਾਈਆਂ ਲਈ ਕਬਰਸਤਾਨ ਦੀ ਉਸਾਰੀ ਦੀ ਗੱਲ ਵੀ ਆਖਿ ਗਈ ਸੀ।
ਸਿੰਘ ਨੇ ਕਿਹਾ ਕਿ ਖ਼ੈਬਰ ਪਖ਼ਤੂਨ ਵਿਚ ਲਗਭਗ 60,000 ਦੇ ਕਰੀਬ ਸਿੱਖ ਰਹਿੰਦੇ ਹਨ ਜਿਸ ਵਿੱਚੋ 15000 ਇਕੱਲੇ ਪੇਸ਼ਾਵਰ ਵਿਚ ਹੀ ਹਨ, ਪਰ ਇਥੇ ਸ਼ਮਸ਼ਾਨਘਾਟ ਨਹੀਂ ਹੈ। ਪਟੀਸ਼ਨਰ ਨੇ ਕਿਹਾ ਕਿ ਸਬ ਨੇੜਲਾ ਸ਼ਮਸ਼ਾਨਘਾਟ ਵੀ ਪੇਸ਼ਾਵਰ ਤੋਂ ਲਗਭਗ 45 ਕਿਲੋਮੀਟਰ ਦੀ ਦੂਰੀ ਤੇ ਅਟਕ ਵਿਖੇ ਹੈ ਜੋ ਕਿ ਮੁਢਲੇ ਤੌਰ ਤੇ ਹਿੰਦੂਆਂ ਵਾਸਤੇ ਹੈ।