
ਆਸਟਰੇਲੀਆ ਦੇ ਇਲਾਕੇ ਕੁਈਨਜ਼ਲੈਂਡ ਤੋਂ ਸੈਨੇਟ ਲਈ ਗ੍ਰੀਨਜ਼ ਪਾਰਟੀ ਦੇ ਉਮੀਦਵਾਰ ਨਵਦੀਪ ਸਿੰਘ ਨੂੰ ਆਸਟਰੇਲੀਆ ਡੇਅ ਦਾ ਵਿਰੋਧ ਕਰਨ 'ਤੇ ਆਸਟਰੇਲੀਆਈ ਲੋਕਾਂ...
ਮੈਲਬੋਰਨ : ਆਸਟਰੇਲੀਆ ਦੇ ਇਲਾਕੇ ਕੁਈਨਜ਼ਲੈਂਡ ਤੋਂ ਸੈਨੇਟ ਲਈ ਗ੍ਰੀਨਜ਼ ਪਾਰਟੀ ਦੇ ਉਮੀਦਵਾਰ ਨਵਦੀਪ ਸਿੰਘ ਨੂੰ ਆਸਟਰੇਲੀਆ ਡੇਅ ਦਾ ਵਿਰੋਧ ਕਰਨ 'ਤੇ ਆਸਟਰੇਲੀਆਈ ਲੋਕਾਂ ਦੀਆਂ ਨਸ਼ਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ 26 ਜਨਵਰੀ ਵਾਲੇ ਦਿਨ ਆਸਟਰੇਲੀਆ ਭਰ 'ਚ ਇਹ ਦਿਨ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਆਸਟਰੇਲੀਆ ਦੇ ਇਤੀਹਾਸ ਮੁਤਾਬਕ 26 ਜਨਵਰੀ ਵਾਲੇ ਦਿਨ ਇੰਗਲੈਂਡ ਦੇ ਲੋਕਾਂ ਨੇ ਆਸਟਰੇਲੀਆ 'ਚ ਬਸਤੀਵਾਦ ਦੀ ਨੀਂਹ ਰੱਖਦੇ ਹੋਏ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੇ ਹੱਕਾਂ ਨੂੰ ਅੱਖੋ ਪਰੋਖੇ ਕਰਦੇ ਹੋਏ ਇਹਨਾਂ ਮੂਲ ਨਿਵਾਸੀਆਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਸੀ। ਅੱਜ ਤੱਕ ਵੀ ਆਦਿਵਾਸੀ ਭਾਈਚਾਰੇ ਵੱਲ ਸਰਕਾਰਾਂ ਵਲੋਂ ਜ਼ਿਆਦਾ ਧਿਆਨ ਨਹੀਂ ਦਿਤਾ ਜਾ ਰਿਹਾ।
ਜਦੋਂ ਨਵਦੀਪ ਸਿੰਘ ਨੇ ਅਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਆਦਿਵਾਸੀ ਲੋਕਾਂ ਦੇ ਹੱਕ ਵਿਚ ਖੜੇ ਹੁੰਦੇ ਹੋਏ ਅਤੇ 26 ਜਨਵਰੀ ਦੇ ਵਿਰੋਧ 'ਚ ਪੋਸਟ ਪਾਈ ਤਾਂ ਉਸ ਨੂੰ ਅਸ਼ਲੀਲ ਅਤੇ ਨਸ਼ਲੀ ਟਿੱਪਣੀਆਂ ਦਾ ਸ਼ਿਕਾਰ ਹੋਣ ਪਿਆ। ਨਵਦੀਪ ਨੇ ਕਿਹਾ ਕਿ ਇਹ ਦਿਨ ਮਨਾਉਣਾ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੇ ਜ਼ਖਮਾਂ 'ਤੇ ਲੂਣ ਛਿਕੜਣ ਦੀ ਤਰ੍ਹਾਂ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਆਸਟਰੇਲੀਆ ਦੀ ਮੁੱਖੀ ਅੱਜ ਵੀ ਇੰਗਲੈਂਡ ਦੀ ਰਾਣੀ ਹੈ।