
ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਚੀਨ ਤੋਂ ਰਕਮ ਦੀ ਪ੍ਰਾਪਤੀ ਦੀ ਪੁਸ਼ਟੀ ਕੀਤੀ
ਇਸਲਾਮਾਬਾਦ: ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਅਪਣੇ ਕਰੀਬੀ ਸਹਿਯੋਗੀ ਚੀਨ ਤੋਂ ਇਕ ਅਰਬ ਡਾਲਰ ਦੀ ਮਦਦ ਮਿਲੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਤੋਂ ਕਰਜ਼ਾ ਸਹਾਇਤਾ ਮਿਲਣ ਸਬੰਧੀ ਅਨਿਸ਼ਚਿਤਤਾ ਵਿਚਕਾਰ, ਬਹੁਤ ਘੱਟ ਵਿਦੇਸ਼ੀ ਭੰਡਾਰ ਨਾਲ ਜੂਝ ਰਹੇ ਦੇਸ਼ ਨੂੰ ਇਸ ਮਦਦ ਨਾਲ ਕਾਫੀ ਰਾਹਤ ਮਿਲੇਗੀ। ਸਟੇਟ ਬੈਂਕ ਆਫ਼ ਪਾਕਿਸਤਾਨ (ਐਸ.ਬੀ.ਪੀ) ਨੇ ਸ਼ੁਕਰਵਾਰ ਰਾਤ ਨੂੰ ਇਸ ਬਾਰੇ ਕੋਈ ਹੋਰ ਵੇਰਵੇ ਸਾਂਝੇ ਕੀਤੇ ਬਿਨਾਂ ਚੀਨ ਤੋਂ ਰਕਮ ਦੀ ਪ੍ਰਾਪਤੀ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: ਅੰਬ ਖਾਣ ਤੋਂ ਬਾਅਦ ਨਾ ਖਾਓ ਇਹ ਚੀਜ਼ਾਂ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ
ਪਾਕਿਸਤਾਨ ਦਾ ਮੁਦਰਾ ਭੰਡਾਰ ਹਾਲ ਹੀ ਦੇ ਹਫ਼ਤਿਆਂ ਵਿਚ ਘੱਟ ਕੇ 3.9 ਅਰਬ ਅਮਰੀਕੀ ਡਾਲਰ ਤਕ ਰਹਿ ਗਿਆ ਸੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਇਸ਼ਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਪਿਛਲੇ ਸੋਮਵਾਰ ਚੀਨ ਨੂੰ 1.3 ਅਰਬ ਅਮਰੀਕੀ ਡਾਲਰ ਦੀ ਦੇਣਦਾਰੀ ਦੇ ਮੁਕਾਬਲੇ ਇਕ ਅਰਬ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ ਅਤੇ ਉਮੀਦ ਸੀ ਕਿ ਇਹ ਰਕਮ ਵਾਪਸ ਕਰ ਦਿਤੀ ਜਾਵੇਗੀ।
ਇਹ ਵੀ ਪੜ੍ਹੋ: ਸੁਵਿਧਾ ਕੇਂਦਰ ਵਿਚ ਕਰੀਬ 20 ਲੱਖ ਰੁਪਏ ਚੋਰੀ, ਕੈਸ਼ ਲਾਕਰ ਲੈ ਕੇ ਫ਼ਰਾਰ ਹੋਏ ਲੁਟੇਰੇ
ਪਾਕਿਸਤਾਨ ਦੀ ਅਰਥਵਿਵਸਥਾ ਭੁਗਤਾਨਾਂ 'ਤੇ ਡਿਫਾਲਟ ਹੋਣ ਦੀ ਕਗਾਰ 'ਤੇ ਹੈ। ਆਈ.ਐਮ.ਐਫ. ਨੇ ਉਸ ਨੂੰ 2019 ਵਿਚ 6.5 ਅਰਬ ਡਾਲਰ ਦੀ ਲੋਨ ਸਹਾਇਤਾ ਦੇਣ ਲਈ ਸਹਿਮਤੀ ਦਿਤੀ ਸੀ, ਪਰ ਉਸ ਨੂੰ ਇਸ ਵਿਚੋਂ 2.5 ਅਰਬ ਡਾਲਰ ਨਹੀਂ ਮਿਲੇ ਹਨ। ਆਈ.ਐਮ.ਐਫ. ਨੇ ਇਹ ਰਕਮ ਜਾਰੀ ਕਰਨ ਲਈ ਕੁੱਝ ਸ਼ਰਤਾਂ ਰੱਖੀਆਂ ਹਨ।
ਇਹ ਵੀ ਪੜ੍ਹੋ: ਇਨਸਾਨੀਅਤ ਹੋਈ ਸ਼ਰਮਸਾਰ: ਵਿਅਕਤੀ ਨੇ ਕੁੱਤੇ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ
ਦੂਜੇ ਪਾਸੇ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਈ.ਐਮ.ਐਫ. ਦੀਆਂ ਸ਼ਰਤਾਂ ਪੂਰੀਆਂ ਕਰ ਚੁੱਕਾ ਹੈ। ਆਈ.ਐਮ.ਐਫ. ਦਾ ਕਰਜ਼ਾ ਸਹਾਇਤਾ ਪ੍ਰੋਗਰਾਮ 30 ਜੂਨ ਨੂੰ ਖ਼ਤਮ ਹੋ ਰਿਹਾ ਹੈ। ਪਾਕਿਸਤਾਨ ਆਈ.ਐਮ.ਐਫ. ਦੀ ਮਦਦ ਦੀ ਅਣਹੋਂਦ 'ਚ ਅਪਣੀ ਅਰਥਵਿਵਸਥਾ ਨੂੰ ਚਾਲੂ ਰੱਖਣ ਲਈ ਕੋਈ ਬਦਲ ਲੱਭ ਰਿਹਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਚੀਨ ਉਸ ਨੂੰ ਚਾਰ ਅਰਬ ਡਾਲਰ ਦਾ ਦੁਵੱਲਾ ਕਰਜ਼ਾ ਦੇਵੇਗਾ।