
ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 11 ਨਵੰਬਰ ਤਕ ਨਿਆਇਕ ਹਿਰਾਸਤ ਵਿਚ ਰੱਖਣ ਦੇ ਆਦੇਸ਼ ਦਿਤੇ ਹਨ।
ਲੰਦਨ : ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਰਿਮਾਂਡ ਦੀ ਸੁਣਵਾਈ ਲਈ ਵੀਡੀਉ ਲਿੰਕ ਰਹੀਂ ਪੇਸ਼ ਹੋਇਆ। ਕਰੀਬ ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਦੇ ਦੋਸ਼ਾਂ ਵਿਚ ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤੇ ਜਾਣ ਦੇ ਮਾਮਲੇ ਦੇ ਸਬੰਧ ਵਿਚ ਇਹ ਸੁਣਵਾਈ ਚੱਲ ਰਹੀ ਹੈ। ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 11 ਨਵੰਬਰ ਤਕ ਨਿਆਇਕ ਹਿਰਾਸਤ ਵਿਚ ਰੱਖਣ ਦੇ ਆਦੇਸ਼ ਦਿਤੇ ਹਨ।
PNB fraud case
ਜ਼ਿਕਰਯੋਗ ਹੈ ਕਿ ਪੁਲਿਸ ਹਿਰਾਸਤ ਵਿਚ ਰਹਿ ਰਹੇ ਨੀਰਵ ਮੋਦੀ ਕੇਸ ਦੀ ਨਿਯਮਤ ਸੁਣਵਾਈ ਲਈ ਲੰਡਨ ਦੀ ਜੇਲ ਤੋਂ ਵੀਡੀਉ ਲਿੰਕ ਰਾਹੀਂ ਅਦਾਲਤ ਵਿਚ ਉਸ ਦੀ ਪੇਸ਼ੀ ਕਰਵਾਈ ਗਈ ਸੀ। ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੀ ਜੱਜ ਨੇ ਪੁਸ਼ਟੀ ਕੀਤੀ ਕਿ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਅਗਲੇ ਸਾਲ 11 ਤੋਂ 15 ਮਈ ਵਿਚਕਾਰ ਹੋਣੀ ਹੈ ਅਤੇ ਉਸ ਨੂੰ ਹਰ 28 ਦਿਨਾਂ ਵਿਚ 'ਅੰਤਮ ਸਮੀਖਿਆ ਸੁਣਵਾਈ' ਲਈ ਵੀਡੀਉ ਲਿੰਕ ਰਾਹੀਂ ਪੇਸ਼ ਹੋਣਾ ਹੋਏਗਾ ਜਦੋਂ ਤਕ ਕਿ ਅਗਲੇ ਸਾਲ ਫ਼ਰਵਰੀ ਤੋਂ ਮੁਕੱਦਮਾ ਸ਼ੁਰੂ ਨਹੀਂ ਹੋ ਜਾਂਦਾ।
Nirav Modi
ਸਤੰਬਰ ਵਿਚ ਲੰਡਨ ਵਿਚ ਮੈਜਿਸਟ੍ਰੇਟ ਅਦਾਲਤ 'ਚ ਹੋਈ ਪਿਛਲੀ ਕਾਲ-ਓਵਰ ਸੁਣਵਾਈ 'ਚ ਜੱਜ ਡੇਵਿਡ ਰਾਬਿਨਸਨ ਨੇ ਮੋਦੀ ਨੂੰ ਕਿਹਾ ਸੀ ਕਿ ਇਸ 'ਚ ਕੁਝ ਵੀ ਠੋਸ ਨਹੀਂ ਹੈ, ਜਿਸ ਨੂੰ ਸੁਣਿਆ ਜਾਵੇ। ਅਦਾਲਤ 11 ਤੋਂ 15 ਮਈ 2020 ਤਕ ਚੱਲਣ ਵਾਲੇ ਹਵਾਲਗੀ ਮੁਕੱਦਮੇ ਦੀ ਸੁਣਵਾਈ 'ਤੇ ਕੰਮ ਕਰ ਰਹੀ ਹੈ। ਇਸ ਸੁਣਵਾਈ ਦੌਰਾਨ ਈ.ਸੀ. ਤੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀਬੀਆਈ) ਦੇ ਅਧਿਕਾਰੀਆਂ ਦਾ ਇਕ ਦਲ ਮੌਜੂਦ ਸੀ। ਬ੍ਰਿਟੇਨ ਦੇ ਕਾਨੂੰਨ ਦੇ ਤਹਿਤ ਹਵਾਲਗੀ ਮੁਕੱਦਮਾ ਰੁਕੇ ਰਹਿਣ ਤਕ ਹਰ 28 ਦਿਨਾਂ ਵਿਚ ਅਜਿਹੀ ਸੁਣਵਾਈ ਕਰਨਾ ਜ਼ਰੂਰੀ ਹੈ। ਨੀਰਵ ਮੋਦੀ ਮਾਰਚ ਵਿਚ ਅਪਣੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਦੱਖਣ-ਪਛਮੀ ਲੰਡਨ ਦੇ ਵੈਂਡਸਵਰਥ ਜੇਲ ਵਿਚ ਬੰਦ ਹੈ।