
ਅਮੀਰ ਸਿੰਘ ਨੂੰ ਕਮੇਟੀ ਦਾ ਜਨਰਲ ਸਕੱਤਰ ਚੁਣਿਆ
ਇਸਲਾਮਾਬਾਦ (ਬਾਬਰ ਜਲੰਧਰੀ) : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦਾ ਕੰਮਕਾਜ ਚਲਾਉਣ ਲਈ ਸਤਵੰਤ ਸਿੰਘ ਨੂੰ ਨਵਾਂ ਪ੍ਰਧਾਨ ਥਾਪ ਦਿੱਤਾ ਗਿਆ ਹੈ। ਇਹ ਫ਼ੈਸਲਾ ਪੀਐਸਜੀਪੀਸੀ ਦੇ ਮੈਂਬਰਾਂ, ਔਕਾਫ਼ ਬੋਰਡ ਦੇ ਅਧਿਕਾਰੀਆਂ ਅਤੇ ਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਮੀਟਿੰਗ 'ਚ ਕੀਤਾ ਗਿਆ। ਇਸ ਤੋਂ ਇਲਾਵਾ ਅਮੀਰ ਸਿੰਘ ਨੂੰ ਕਮੇਟੀ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ।
Satwant Singh
ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸਤਵੰਤ ਸਿੰਘ ਹੁਣ ਤਕ ਦੇ ਸੱਭ ਤੋਂ ਨੌਜਵਾਨ ਪ੍ਰਧਾਨ ਹਨ। ਸਤਵੰਤ ਸਿੰਘ ਦਾ ਰਾਵਲਪਿੰਡੀ 'ਚ ਕਪੜਿਆਂ ਦਾ ਵੱਡਾ ਕਾਰੋਬਾਰ ਹੈ। ਅਹੁਦੇ ਮਿਲਣ ਮਗਰੋਂ ਸਤਵੰਤ ਸਿੰਘ ਅਤੇ ਅਮੀਰ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣਗੇ। ਇਸ ਤੋਂ ਇਲਾਵਾ ਗੁਰਦੁਆਰਾ ਚੋਆ ਸਾਹਿਬ ਅਤੇ ਖਾਰਾ ਸਾਹਿਬ ਨੂੰ ਛੇਤੀ ਹੀ ਮੁਰੰਮਤ ਮਗਰੋਂ ਸੰਗਤ ਲਈ ਖੋਲ੍ਹਿਆ ਜਾਵੇਗਾ।
Pakistan Sikh Gurdwara Management Committee
ਸੂਤਰਾਂ ਮੁਤਾਬਕ ਸਤਵੰਤ ਸਿੰਘ ਤੋਂ ਪਹਿਲਾਂ ਕਮੇਟੀ ਦੀ ਸੀਨੀਅਰ ਮੈਂਬਰ ਮਹਿੰਦਰ ਪਾਲ ਸਿੰਘ ਨੂੰ ਪ੍ਰਧਾਨਗੀ ਦਾ ਅਹੁਦਾ ਦਿੱਤਾ ਜਾਣਾ ਸੀ ਪਰ ਉਨ੍ਹਾਂ ਇਹ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਮਹਿੰਦਰ ਪਾਲ ਸਿੰਘ ਹਸਪਤਾਲ ਵੀ ਚਲਾਉਂਦੇ ਹਨ, ਜਿਸ ਕਾਰਨ ਉਨ੍ਹਾਂ ਤਰਕ ਦਿੱਤਾ ਕਿ ਕਮੇਟੀ ਲਈ ਉਹ ਪੂਰਾ ਸਮਾਂ ਨਹੀਂ ਦੇ ਸਕਣਗੇ। ਇਸ ਤੋਂ ਇਲਾਵਾ ਉਹ ਕਿੰਗ ਐਡਵਰਟ ਮੈਡੀਕਲ ਕਾਲਜ ਲਾਹੌਰ ਦੇ ਅਸਿਸਟੈਂਟ ਪ੍ਰੋਫ਼ੈਸਰ ਵੀ ਹਨ। ਇਸ ਤੋਂ ਇਲਾਵਾ ਪੀਐਸਜੀਪੀਸੀ 'ਚ ਸਾਰੇ ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ ਹੈ।