ਯੂ.ਕੇ. ਦੀਆਂ ਯੂਨੀਵਰਸਿਟੀਆਂ ’ਚ ਵੀ ਮਿਲੇਗਾ ਪ੍ਰਾਪਤ ਕੀਤੇ ਅੰਕਾਂ ਦਾ ਲਾਭ
ਲੰਡਨ: ਬਰਤਾਨੀਆਂ ਦੇ ਸਕੂਲਾਂ ’ਚ ਹੁਣ ਚਾਹਵਾਨਾਂ ਨੂੰ ਕੀਰਤਨ ਦੀ ਸਿਖਿਆ ਵੀ ਦਿਤੀ ਜਾਵੇਗੀ। ਇਹ ਬਰਤਾਨੀਆਂ ਦੀ ਅੱਠਵੀਂ ਤਕ ਦੀ ਸੰਗੀਤ ਇਮਤਿਹਾਨ ਪ੍ਰਣਾਲੀ ਦਾ ਹਿੱਸਾ ਬਣ ਗਿਆ ਹੈ। ਪੰਜ ਭਾਰਤੀ ਤਾਰ ਯੰਤਰਾਂ ਦਿਲਰੂਬਾ, ਤੌਸ, ਐਸਰਾਜ, ਸਾਰੰਗੀ ਅਤੇ ਸਰਾਂਦਾ ’ਚ ਕੀਰਤਨ ਸਿਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੰਗੀਤ ਅਧਿਆਪਕ ਬੋਰਡ (ਐਮ.ਟੀ.ਬੀ.) ਦੇ ਡੇਵਿਡ ਕੇਸਲ ਨੇ ਕਿਹਾ, ‘‘ਆਮ ਤੌਰ ’ਤੇ ਯੂ.ਕੇ. ਦੇ ਇਮਤਿਹਾਨ ਬੋਰਡ ਹਮੇਸ਼ਾ ਪਛਮੀ, ਕਲਾਸੀਕਲ ਅਤੇ ਸਮਕਾਲੀਨ ਸੰਗੀਤ ’ਤੇ ਧਿਆਨ ਕੇਂਦਰਤ ਕੀਤਾ। ਐਮ.ਟੀ.ਬੀ. ਇਸ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਹੁਣ ਅਸੀਂ ਸਿੱਖ ਕੀਰਤਨ ਦੀ ਸਿਖਿਆ ਦੇਣੀ ਵੀ ਸ਼ੁਰੂ ਕਰ ਦਿਤੀ ਹੈ।
ਇਮਤਿਹਾਨ ਪਾਸ ਕਰਨ ਵਾਲਿਆਂ ਨੂੰ ਗ੍ਰੇਡ ਦਿਤਾ ਜਾਵੇਗਾ। ਇਸ ਦੀ ਸਿਖਿਆ ਅੱਠਵੀਂ ਜਮਾਤ ਤਕ ਦਿਤੀ ਜਾਵੇਗੀ। ਫਿਰ ਡਿਪਲੋਮੇ ਕਰਵਾਏ ਜਾਣਗੇ। ਪਾਸ ਕਰਨ ਵਾਲਿਆਂ ਨੂੰ ਯੂ.ਸੀ.ਏ.ਐਸ. ਅੰਕ ਦਿਤੇ ਜਾਣਗੇ। ਮੈਰਿਟ ’ਚ ਪਾਸ ਹੋਣ ਵਾਲਿਆਂ ਨੂੰ ਵੱਧ ਅੰਕ ਮਿਲਣਗੇ। ਇਨ੍ਹਾਂ ਅੰਕਾਂ ਦਾ ਫ਼ਾਇਦਾ ਯੂ.ਕੇ. ਦੀਆਂ ਯੂਨੀਵਰਸਿਟੀਆਂ ’ਚ ਦਾਖ਼ਲਾ ਲੈਣ ’ਚ ਵੀ ਹੋਵੇਗਾ।
15ਵੀਂ ਸਦੀ ’ਚ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦੇ ਆ ਰਹੇ ਕੀਰਤਨ ਬਾਰੇ ਬਰਤਾਨੀਆਂ ’ਚ ਗੁਰਮਤਿ ਸੰਗੀਤ ਅਕਾਦਮੀ ਦੇ ਅਧਿਆਪਕ ਹਰਜਿੰਦਰ ਲਾਲੀ ਨੇ ਕਿਹਾ, ‘‘ਮੇਰੇ ਕੋਲ ਲੋਕ ਕੀਰਤਨ ਸਿੱਖਣ ਲਈ ਆ ਰਹੇ ਸਨ। ਉਹ ਦੋ ਕੁ ਸਾਲ ਸਿਖਦੇ ਸਨ ਅਤੇ ਚਲੇ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਅੱਗੇ ਸਿਖਣ ਲਈ ਕੋਈ ਹੱਲਾਸ਼ੇਰੀ ਨਹੀਂ ਮਿਲਦੀ ਸੀ। ਕਈ ਵਾਰੀ ਤਾਂ ਉਹ ਕਹਿੰਦੇ ਕਿ ‘ਮਾਫ਼ ਕਰਨਾ ਉਸਤਾਦ ਜੀ ਮੈਂ ਪਿਆਨੋ ਸਿਖਣ ਜਾ ਰਿਹਾ ਹਾਂ। ਮੇਰੇ ਮਾਪੇ ਚਾਹੁੰਦੇ ਹਨ ਕਿ ਮੈਂ ਇਮਤਿਹਾਨ ਦੇਵਾਂ। ਇਮਤਿਹਾਨ ਬਹੁਤ ਮੁਸ਼ਕਲ ਹੁੰਦਾ ਹੈ। ਪਰ ਇਸ ਦਾ ਫ਼ਾਇਦਾ ਵੀ ਤਾਂ ਹੁੰਦਾ ਹੈ।’’