
ਇਹ ਨਿਯਮ ਮੰਗਲਵਾਰ ਤੋਂ ਲਾਗੂ ਹੋ ਚੁੱਕੇ ਹਨ।
ਆਬੂਧਾਬੀ : ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਏਅਰ ਇੰਡੀਆ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਏਅਰ ਇੰਡੀਆ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਜੋ ਭਾਰਤੀ ਨਾਗਰਿਕ ਸੰਯੁਕਤ ਅਰਬ ਅਮੀਰਾਤ ਜਾਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਪੀ.ਸੀ.ਆਰ. ਟੈਸਟ ਕਰਾਉਣ ਲਈ ਹੁਣ ਉਡਾਣ ਤੋਂ ਨਿਰਧਾਰਿਤ ਸਮੇਂ ਤੋਂ 6 ਘੰਟੇ ਪਹਿਲਾਂ ਹਵਾਈ ਅੱਡੇ ’ਤੇ ਪਹੁੰਚਣਾ ਪਵੇਗਾ।
ਇਹ ਨਿਯਮ ਮੰਗਲਵਾਰ ਤੋਂ ਲਾਗੂ ਹੋ ਚੁੱਕੇ ਹਨ। ਦੱਸ ਦਈਏ ਕਿ 5 ਅਗਸਤ ਤੋਂ ਯੂ.ਏ.ਈ. ਨੇ ਕੁੱਝ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਭਾਰਤ ਤੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਉਡਾਣਾਂ ਦੀ ਸ਼ੁਰੂਆਤ ਹੋਣ ਤੋਂ ਬਾਅਦ ਯਾਤਰੀਆਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ।
Emirates flights
ਇਕ ਪਾਸੇ ਭਾਰਤ ਵਿਚ ਫਸੇ ਯੂ.ਏ.ਈ. ਨਿਵਾਸੀ ਅਤੇ ਕਾਮੇ ਆਪਣੇ ਘਰਾਂ ਅਤੇ ਕੰਮ ’ਤੇ ਪਰਤਣਾ ਚਾਹੁੰਦੇ ਹਨ ਤਾਂ ਉਥੇ ਹੀ ਲੰਬੇ ਸਮੇਂ ਤੋਂ ਯੂ.ਏ.ਈ. ਵਿਚ ਰਹਿ ਰਹੇ ਭਾਰਤੀ ਪਹਿਲੀ ਉਡਾਣ ਰਾਹੀਂ ਆਪਣੇ ਘਰ ਆਉਣਾ ਚਾਹੁੰਦੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਉਨ੍ਹਾਂ ਪ੍ਰਵਾਸੀਆਂ ਦੀ ਵੀ ਹੈ, ਜੋ ਗਰਮੀ ਦੀਆਂ ਛੁੱਟੀਆਂ ਭਾਰਤ ਮਨਾਉਣਾ ਚਾਹੁੰਦੇ ਸਨ।