
Elon Musk: ਐਲਨ ਮਸਕ ਨੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਅਲੈਗਜ਼ੈਂਡਰ ਡੀ ਮੋਰੇਜ਼ ਨੂੰ ‘ਨਿਆਂ ’ਤੇ ਇਕ ਵੱਡਾ ਧੱਬਾ’ ਦਸਿਆ
Elon Musk: ਸੋਸ਼ਲ ਮੀਡੀਆ ਮੰਚ ‘ਐਕਸ’ ਨੇ ਸਨਿਚਰਵਾਰ ਨੂੰ ਬ੍ਰਾਜ਼ੀਲ ਵਿਚ ਅਪਣਾ ਕੰਮਕਾਜ ਬੰਦ ਕਰਨ ਦਾ ਐਲਾਨ ਕਰ ਦਿਤਾ। ਕੰਪਨੀ ਨੇ ਦੋਸ਼ ਲਾਇਆ ਕਿ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਅਲੈਗਜ਼ੈਂਡਰ ਡੀ ਮੋਰੇਜ਼ ਨੇ ‘ਸੈਂਸਰਸ਼ਿਪ’ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਬ੍ਰਾਜ਼ੀਲ ਵਿਚ ‘ਐਕਸ’ ਦੇ ਨਿਆਂਇਕ ਪ੍ਰਤੀਨਿਧੀ ਨੂੰ ਗ੍ਰਿਫ਼ਤਾਰ ਕਰਨ ਦੀ ਚੇਤਾਵਨੀ ਦਿਤੀ ਸੀ।
‘ਐਕਸ’ ਨੇ ਕਿਹਾ ਕਿ ਉਹ ਬ੍ਰਾਜ਼ੀਲ ਵਿਚ ਅਪਣੇ ਬਾਕੀ ਸਾਰੇ ਮੁਲਾਜ਼ਮਾਂ ਨੂੰ ਤੁਰਤ ਪ੍ਰਭਾਵ ਨਾਲ ਹਟਾ ਰਿਹਾ ਹੈ। ਹਾਲਾਂਕਿ, ਕੰਪਨੀ ਨੇ ਭਰੋਸਾ ਦਿਤਾ ਕਿ ਸਾਈਟ ਦੀਆਂ ਸੇਵਾਵਾਂ ਬ੍ਰਾਜ਼ੀਲ ਦੇ ਲੋਕਾਂ ਲਈ ਜਾਰੀ ਰਹਿਣਗੀਆਂ। ‘ਐਕਸ’ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਦੇਸ਼ ਦੇ ਕੰਮਕਾਜ ਬੰਦ ਕਰਨ ਤੋਂ ਬਾਅਦ ਉਹ ਬ੍ਰਾਜ਼ੀਲ ਦੇ ਲੋਕਾਂ ਨੂੰ ਸਾਈਟ ਦੀਆਂ ਸੇਵਾਵਾਂ ਕਿਵੇਂ ਪ੍ਰਦਾਨ ਕਰਨਾ ਜਾਰੀ ਰੱਖੇਗਾ।
ਇਸ ਸਾਲ ਦੀ ਸ਼ੁਰੂਆਤ ’ਚ ‘ਐਕਸ’ ’ਤੇ ਪ੍ਰਗਟਾਵੇ ਦੀ ਆਜ਼ਾਦੀ, ਕੱਟੜ-ਸੱਜੇ ਪੱਖੀ ਖਾਤਿਆਂ ਅਤੇ ਗ਼ਲਤ ਜਾਣਕਾਰੀ ਫੈਲਾਉਣ ਨੂੰ ਲੈ ਕੇ ਕੰਪਨੀ ਦਾ ਜਸਟਿਸ ਡੀ ਮੋਰੇਜ਼ ਨਾਲ ਟਕਰਾਅ ਹੋਇਆ ਸੀ। ‘ਐਕਸ’ ਨੇ ਦੋਸ਼ ਲਾਇਆ ਕਿ ਜਸਟਿਸ ਡੀ ਮੋਰਾਜ ਦਾ ਤਾਜ਼ਾ ਫ਼ੈਸਲਾ ‘ਸੈਂਸਰਸ਼ਿਪ’ ਦੇ ਬਰਾਬਰ ਹੈ। ਇਸ ਨੇ ‘ਐਕਸ’ ਆਰਡਰ ਦੀ ਇਕ ਕਾਪੀ ਵੀ ਸਾਂਝੀ ਕੀਤੀ।
ਇਸ ਮਾਮਲੇ ’ਤੇ ਸੁਪਰੀਮ ਕੋਰਟ ਦੇ ਮੀਡੀਆ ਦਫ਼ਤਰ ਤੋਂ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਇਸ ਨੇ ‘ਐਕਸ’ ਵਲੋਂ ਸਾਂਝੇ ਕੀਤੇ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਦੀ ਵੀ ਪੁਸ਼ਟੀ ਨਹੀਂ ਕੀਤੀ।
ਅਪ੍ਰੈਲ ’ਚ ਜਸਟਿਸ ਡੀ ਮੋਰੇਜ਼ ਨੇ ਕੰਪਨੀ ਦੇ ਸੀ.ਈ.ਓ. ਐਲਨ ਮਸਕ ਵਿਰੁਧ ‘ਐਕਸ’ ’ਤੇ ਅਪਮਾਨਜਨਕ ਫਰਜ਼ੀ ਖ਼ਬਰਾਂ ਫੈਲਾਉਣ ਦੇ ਮਾਮਲੇ ’ਚ ਜਾਂਚ ਦੇ ਹੁਕਮ ਦਿਤੇ ਸਨ। ਉਨ੍ਹਾਂ ਨੇ ‘ਐਕਸ’ ਨੂੰ ਅਪਰਾਧਕ ਸਮੂਹਾਂ ਦੀਆਂ ਕਥਿਤ ਗਤੀਵਿਧੀਆਂ, ਸੰਭਾਵਤ ਰੁਕਾਵਟਾਂ ਅਤੇ ਭੜਕਾਊ ਪੋਸਟਾਂ ਦੀ ਜਾਂਚ ਕਰਨ ਲਈ ਵੀ ਕਿਹਾ ਸੀ।
ਬ੍ਰਾਜ਼ੀਲ ਦੀਆਂ ਸੱਜੇ ਪੱਖੀ ਪਾਰਟੀਆਂ ਜਸਟਿਸ ਡੀ ਮੋਰਾਰੇਜ਼ ’ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਣ ਅਤੇ ਸਿਆਸੀ ਤਸ਼ੱਦਦ ਵਿਚ ਸ਼ਾਮਲ ਹੋਣ ਲਈ ਅਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾ ਰਹੀਆਂ ਹਨ।
‘ਐਕਸ’ ਨੇ ਇਕ ਬਿਆਨ ਵਿਚ ਕਿਹਾ, ‘‘ਡੀ ਮੋਰੇਜ਼ ਨੇ ਕਾਨੂੰਨ ਜਾਂ ਉਚਿਤ ਪ੍ਰਕਿਰਿਆ ਦਾ ਸਨਮਾਨ ਕਰਨ ਦੀ ਬਜਾਏ ਬ੍ਰਾਜ਼ੀਲ ਵਿਚ ਸਾਡੇ ਕਰਮਚਾਰੀਆਂ ਨੂੰ ਡਰਾਉਣ ਦੀ ਚੋਣ ਕੀਤੀ ਹੈ।’’ ਜਦਕਿ ਮਸਕ ਨੇ ਪੋਸਟ ਕੀਤਾ ਕਿ ਡੀ ਮੋਰੇਜ਼ ‘ਨਿਆਂ ’ਤੇ ਇਕ ਵੱਡਾ ਧੱਬਾ ਹਨ।’