
ਅਮਰੀਕੀ ਵਿਦੇਸ਼ ਮੰਤਰਾਲੇ ਦੀ ਇਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਉਭਰਦੇ ਭਾਰਤ ਨੂੰ ਚੀਨ ਇਕ ‘‘ਵਿਰੋਧੀ’’ ਮੰਨਦਾ ਹੈ
ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰਾਲੇ ਦੀ ਇਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਉਭਰਦੇ ਭਾਰਤ ਨੂੰ ਚੀਨ ਇਕ ‘‘ਵਿਰੋਧੀ’’ ਮੰਨਦਾ ਹੈ। ਉਹ ਅਮਰੀਕਾ ਅਤੇ ਦੂਜੇ ਲੋਕਤੰਤਿਕ ਦੇਸ਼ਾਂ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ’ਚ ਰੁਕਾਵਟ ਪਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਬੀਜਿੰਗ ਅਮਰੀਕਾ ਨੂੰ ਪਛਾੜ ਕੇ ਮਹਾਸ਼ਕਤੀ ਬਣਨ ਦੀ ਦੌੜ ਵਿਚ ਹੈ। ਅਮਰੀਕਾ ’ਚ 3 ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਦੀ ਜਿੱਤ ਹੋਈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਥੋਂ ਉਨ੍ਹਾਂ ਨੂੰ ਸੱਤਾ ਤਬਦੀਲੀ ਤੋਂ ਪਹਿਲਾਂ ਇਹ ਵਿਸਥਾਰਤ ਨੀਤੀ ਦਸਤਾਵੇਜ਼ ਸਾਹਮਣੇ ਆਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨ ਖੇਤਰ ਵਿਚ ਕਈ ਦੇਸ਼ਾਂ ਦੀ ਸੁਰੱਖਿਆ, ਖ਼ੁਦਮੁਖਤਿਆਰੀ ਅਤੇ ਆਰਥਕ ਹਿਤਾਂ ਨੂੰ ਕਮਜ਼ੋਰ ਕਰ ਰਿਹਾ ਹੈ।photoਰੀਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਉਭਰਦੇ ਭਾਰਤ ਨੂੰ ਇਕ ਵਿਰੋਧੀ ਵਜੋਂ ਦੇਖਦਾ ਹੈ ਅਤੇ ਉਹ ਨਾ ਸਿਰਫ਼ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਦੂਜੇ ਲੋਕਤੰਤਿਕ ਦੇਸ਼ਾਂ ਨਾਲ ਨਵੀਂ ਦਿੱਲੀ ਦੀ ਰਣਨੀਤਿਕ ਭਾਈਵਾਲੀ ’ਚ ਰੋੜਾ ਅਟਕਾਉਣਾ ਚਾਹੁੰਦਾ ਹੈ ਸਗੋਂ ਇਸ ਦੇਸ਼ ਨੂੰ ਆਰਥਕ ਤੌਰ ’ਤੇ ਫਸਾ ਕੇ ਆਪਣੀਆਂ ਖ਼ਾਹਿਸ਼ਾਂ ਦੀ ਪੂਰਤੀ ਲਈ ਮਜਬੂਰ ਕਰਨ ਦਾ ਯਤਨ ਕਰਦਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ 70 ਸਫ਼ਿਆਂ ਦੀ ਰੀਪੋਰਟ ਅਨੁਸਾਰ ਚੀਨ ਕਈ ਹੋਰ ਦੇਸ਼ਾਂ ਦੀ ਸੁਰੱਖਿਆ, ਖ਼ੁਦਮੁਖਤਿਆਰੀ ਅਤੇ ਆਰਥਕ ਹਿਤਾਂ ਨੂੰ ਵੀ ਕਮਜ਼ੋਰ ਕਰ ਰਿਹਾ ਹੈ।
ਹਾਲਾਂਕਿ ਅਮਰੀਕਾ ਅਤੇ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਜਾਗਰੂਕਤਾ ਵੱਧ ਰਹੀ ਹੈ। ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਨੇ ਮਹਾਸ਼ਕਤੀਆਂ ਦੇ ਮੁਕਾਬਲੇ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿਤੀ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਚੁਣੌਤੀਆਂ ਦੇ ਮੱਦੇਨਜ਼ਰ ਅਮਰੀਕਾ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਸੁਤੰਤਰਤਾ ਦੀ ਸੁਰੱਖਿਆ ਕਰੇ। ਬੀਜਿੰਗ ਅਮਰੀਕੀ ਪ੍ਰਭਾਵ ਨੂੰ ਘੱਟ ਕਰਨ ਦੀ ਤਾਕ ਵਿਚ ਹੈ।