
ਕਿਹਾ, ਪਾਕਿਸਤਾਨੀ ਸ਼ਾਂਤੀ ਦਾ ਜਸ਼ਨ ਮਨਾ ਰਹੇ ਹਨ
ਇਸਲਾਮਾਬਾਦ : ਪਾਕਿਸਤਾਨ ਦੇ ਇਕ ਸੀਨੀਅਰ ਫ਼ੌਜ ਜਨਰਲ ਨੇ ਸ਼ਾਂਤੀ ਪ੍ਰਤੀ ਅਪਣੇ ਦੇਸ਼ ਦੀ ਵਚਨਬੱਧਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਕਿਸਤਾਨੀ ਜਿੱਤ ਨਹੀਂ ਸਗੋਂ ਸ਼ਾਂਤੀ ਦਾ ਜਸ਼ਨ ਮਨਾ ਰਹੇ ਹਨ।
ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ.) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਚੀਨ ਦੇ ਸਰਕਾਰੀ ਸੀ.ਜੀ.ਟੀ.ਵੀ. ਨੂੰ ਦਿਤੇ ਇੰਟਰਵਿਊ ’ਚ ਭਾਰਤ ਵਲੋਂ ‘ਬੇਬੁਨਿਆਦ ਹਮਲਾਵਰਤਾ’ ਅਤੇ ਝੂਠੇ ਦੋਸ਼ਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਵੀ ਵਿਕਾਸ ਅਤੇ ਸਥਿਰਤਾ ਵਲ ਵਧਣਾ ਚਾਹੁੰਦੇ ਹਾਂ। ਅਸੀਂ ਪਾਕਿਸਤਾਨ ਦੇ ਲੋਕਾਂ, ਆਉਣ ਵਾਲੀਆਂ ਪੀੜ੍ਹੀਆਂ ਦੇ ਕਰਜ਼ਦਾਰ ਹਾਂ। ਇਸ ਲਈ ਸਾਡੀ ਤਰਜੀਹ ਹਮੇਸ਼ਾ ਸ਼ਾਂਤੀ ਹੈ।’’
ਫੌਜ ਦੇ ਬੁਲਾਰੇ ਨੇ ਕਿਹਾ, ‘‘ਸਾਡੇ ਲੋਕਾਂ ’ਚ ਨਿਮਰਤਾ ਹੈ। ਅਸੀਂ ਧਰਤੀ ’ਤੇ ਹਾਂ ਅਤੇ ਅੱਲ੍ਹਾ ਦੇ ਸ਼ੁਕਰਗੁਜ਼ਾਰ ਹਾਂ।’’
ਜ਼ਿਕਰਯੋਗ ਹੈ ਕਿ ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿਚ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਤਿਵਾਦੀ ਢਾਂਚੇ ’ਤੇ ‘ਆਪਰੇਸ਼ਨ ਸੰਧੂਰ’ ਤਹਿਤ ਸਟੀਕ ਹਮਲੇ ਕੀਤੇ ਸਨ। ਭਾਰਤੀ ਫੌਜ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ 10 ਮਈ ਦੀ ਸ਼ੁਰੂਆਤ ’ਚ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਜਵਾਬ ’ਚ ਪਾਕਿਸਤਾਨ ’ਚ ਅੱਠ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਫੌਜੀ ਕਾਰਵਾਈ ਰੋਕਣ ਦੀ ਅਪੀਲ ਕੀਤੀ ਸੀ।
ਲੈਫਟੀਨੈਂਟ ਜਨਰਲ ਚੌਧਰੀ ਨੇ ਪਾਕਿਸਤਾਨ ਵਿਰੁਧ ਚੱਲ ਰਹੇ ਹਮਲੇ ਅਤੇ ਝੂਠੇ ਦੋਸ਼ਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਰਿਪੱਕ ਦੇਸ਼ ਬੇਬੁਨਿਆਦ ਹਮਲਿਆਂ ਰਾਹੀਂ ਦਬਦਬਾ ਥੋਪਣ ਦੀ ਬਜਾਏ ਜਲਵਾਯੂ ਪਰਿਵਰਤਨ, ਗਲਤ ਜਾਣਕਾਰੀ ਅਤੇ ਵੱਧ ਆਬਾਦੀ ਵਰਗੀਆਂ ਆਲਮੀ ਚੁਨੌਤੀਆਂ ਨਾਲ ਨਜਿੱਠਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਪਹਿਲਾਂ ਕਦੇ ਨਹੀਂ ਝੁਕੇ ਅਤੇ ਨਾ ਹੀ ਕਦੇ ਝੁਕਾਂਗੇ।’’
ਚੀਨ ਨਾਲ ਪਾਕਿਸਤਾਨ ਦੀ ਭਾਈਵਾਲੀ ’ਤੇ ਲੈਫਟੀਨੈਂਟ ਜਨਰਲ ਚੌਧਰੀ ਨੇ ਸ਼ਾਂਤੀ, ਸਥਿਰਤਾ ਅਤੇ ਆਰਥਕ ਵਿਕਾਸ ਲਈ ਦੋਹਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ’ਤੇ ਚਾਨਣਾ ਪਾਇਆ।