
ਜਹਾਜ਼ ਵਿਚ ਸਵਾਰ ਸਨ 25 ਭਾਰਤੀ
ਸਨਾ (ਸ਼ਾਹ) : ਯਮਨ ਦੇ ਅਦਨ ਸਮੁੰਦਰੀ ਤੱਟ ’ਤੇ ਉਸ ਸਮੇਂ ਵੱਡਾ ਸਮੁੰਦਰੀ ਹਾਦਸਾ ਵਾਪਰ ਗਿਆ ਜਦੋਂ ਗੈਸ ਨਾਲ ਲੱਗੇ ਸਮੁੰਦਰੀ ਜਹਾਜ਼ ਐਮਵੀ ਫਾਲਕਨ ਵਿਚ ਧਮਾਕਾ ਹੋ ਗਿਆ ਅਤੇ ਭਿਆਨਕ ਅੱਗ ਲੱਗ ਗਈ। ਹਾਦਸੇ ਸਮੇਂ ਜਹਾਜ਼ ਵਿਚ 25 ਭਾਰਤੀ ਸਵਾਰ ਸਨ, ਜਿਨ੍ਹਾਂ ਵਿਚੋਂ 23 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਦੋ ਲਾਪਤਾ ਦੱਸੇ ਜਾ ਰਹੇ ਨੇ।
ਜਾਣਕਾਰੀ ਅਨੁਸਾਰ ਇਹ ਜਹਾਜ਼ ਓਮਾਨ ਦੇ ਸੋਹਾਰ ਬੰਦਰਗਾਹ ਤੋਂ ਰਵਾਨਾ ਹੋਇਆ ਸੀ ਅਤੇ ਜਿਬੂਤੀ ਵੱਲ ਜਾ ਰਿਹਾ ਸੀ। ਧਮਾਕੇ ਤੋਂ ਬਾਅਦ ਜਹਾਜ਼ ਵਿਚ ਪਾਣੀ ਵਹਿਣ ਲੱਗ ਪਿਆ ਅਤੇ ਉਸ ਦੇ ਕਰੀਬ 15 ਫ਼ੀਸਦੀ ਹਿੱਸੇ ਵਿਚ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਾਕਾ ਕੋਈ ਅੱਤਵਾਦੀ ਹਮਲਾ ਨਹੀਂ ਪਰ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ। ਰਿਪੋਰਟ ਮੁਤਾਬਕ ਐਮਵੀ ਫਾਲਕਨ ’ਤੇ ਸਵਾਰ ਕੁੱਲ 24 ਕਰੂ ਮੈਂਬਰ ਜਹਾਜ਼ ਨੂੰ ਛੱਡ ਕੇ ਬਚਾਅ ਦੇ ਲਈ ਸਮੁੰਦਰ ਵਿਚ ਕੁੱਦ ਗਏ ਸੀ। ਜਿਸ ਤੋਂ ਬਾਅਦ ਯੂਰਪੀ ਸੰਘ ਦੀ ਨੇਵੀ ਅਪਰੇਸ਼ਨ ‘ਐਸਪਾਈਡਸ’ ਨੇ ਤੁਰੰਤ ਸਰਚ ਅਤੇ ਰੈਸਕਿਊ ਅਪਰੇਸ਼ਨ ਚਲਾਇਆ ਅਤੇ 23 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ, ਜਦਕਿ ਦੋ ਭਾਰਤੀ ਹਾਲੇ ਲਾਪਤਾ ਦੱਸੇ ਜਾ ਰਹੇ ਨੇ।
ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਵਿਚ ਤਰਲ ਪਟਰੌਲੀਅਮ ਗੈਸ ਭਰੀ ਹੋਈ ਸੀ, ਜਿਸ ਕਰਕੇ ਹਾਲੇ ਹੋਰ ਧਮਾਕਿਆਂ ਦਾ ਖ਼ਤਰਾ ਬਣਿਆ ਹੋਇਆ ਏ। ਅਪਰੇਸ਼ਲ ਐਸਪਾਈਡਸ ਨੇ ਨੇੜੇ ਤੇੜੇ ਦੇ ਸਾਰੇ ਜਹਾਜ਼ਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਐ। ਐਸਪਾਈਡਸ ਨੇ ਆਪਣੇ ਬਿਆਨ ਵਿਚ ਆਖਿਆ ਕਿ ਐਮਵੀ ਫਾਲਕਨ ਜਹਾਜ਼ ’ਤੇ ਅੱਗ ਵਧ ਰਹੀ ਐ, ਜੋ ਹੁਣ ਸਮੁੰਦਰੀ ਮਾਰਗ ਵਿਚ ਵੱਡਾ ਖ਼ਤਰਾ ਬਣ ਚੁੱਕਿਆ ਏ।
ਦੱਸ ਦਈਏ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਐ ਜਦੋਂ ਯਮਨ ਦੇ ਹੂਤੀ ਵਿਦਰੋਹੀ ਲਾਲ ਸਮੁੰਦਰ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਹਾਲਾਂਕਿ ਐਮਵੀ ਫਾਲਕਨ ’ਤੇ ਹਾਲੇ ਤੱਕ ਇਸ ਤਰ੍ਹਾਂ ਦੇ ਹਮਲੇ ਦਾ ਕੋਈ ਰਾਜਨੀਤਕ ਜਾਂ ਅੱਤਵਾਦੀ ਸਬੰਧ ਸਾਹਮਣੇ ਨਹੀਂ ਆਇਆ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ