ਪਤਾ ਲੱਗਿਆ ਹੈ ਕਿ ਇਹ ਮਾਮਲਾ 2017 ਦਾ ਹੈ ਜਦੋਂ ਨੌਜਵਾਨ ਦੀ ਉਮਰ 19 ਸਾਲ ਦੀ ਸੀ
ਟੋਰਾਂਟੋ - ਇੱਕ ਭਾਰਤੀ ਮੂਲ ਦੇ ਕੈਨੇਡੀਅਨ ਵਿਅਕਤੀ ਨੂੰ 'ਗ਼ਲਤੀ' ਨਾਲ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਮਾਰਨ, ਅਤੇ ਫ਼ਿਰ ਉਸ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਹੇਠ, ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਜਸਟਿਸ ਜੀਨ ਵਾਚਕ ਨੇ ਹਰਜੋਤ ਸਿੰਘ ਦਿਓ ਨੂੰ ਕਤਲੇਆਮ ਦੇ ਦੋਸ਼ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ, ਅਤੇ ਮ੍ਰਿਤਕ ਨਾਲ ਕੀਤੇ ਅਣਮਨੁੱਖੀ ਸਲੂਕ ਲਈ ਦੋ ਸਾਲ ਦੀ ਸਜ਼ਾ ਵੱਖਰੇ ਤੌਰ 'ਤੇ ਸੁਣਾਈ, ਕਿਉਂ ਕਿ ਦੋਵੇਂ ਵੱਖੋ-ਵੱਖ ,ਸਲੀਆਂ ਵਜੋਂ ਵਿਚਾਰੇ ਗਏ ਸਨ।
ਪਤਾ ਲੱਗਿਆ ਹੈ ਕਿ ਇਹ ਮਾਮਲਾ 2017 ਦਾ ਹੈ ਜਦੋਂ ਨੌਜਵਾਨ ਦੀ ਉਮਰ 19 ਸਾਲ ਦੀ ਸੀ, ਅਤੇ ਉਸ ਨੇ 1 ਅਗਸਤ 2017 ਨੂੰ 19 ਸਾਲਾ ਭਵਕਿਰਨ ਢੇਸੀ ਦੇ ਸਿਰ ਵਿੱਚ ਗ਼ਲਤੀ ਨਾਲ ਗੋਲੀ ਮਾਰ ਦਿੱਤੀ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਜੋੜਾ ਲੜਕੇ ਦੇ ਮਾਤਾ-ਪਿਤਾ ਦੇ ਘਰ 'ਚ ਸੀ, ਅਤੇ ਗੋਲੀ ਉਦੋਂ ਚੱਲੀ ਜਦੋਂ ਲੜਕੇ ਨੇ ਪਿਸਤੌਲ ਆਪਣੀ ਜੇਬ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ।
ਢੇਸੀ ਮੰਜੇ 'ਤੇ ਡਿੱਗ ਪਈ ਅਤੇ ਦਿਓ ਨੇ ਐਮਰਜੈਂਸੀ ਮਦਦ ਬੁਲਾਉਣ ਦੀ ਬਜਾਏ ਢੇਸੀ ਦੀ ਲਾਸ਼ ਨੂੰ ਆਪਣੀ ਕਾਰ ਦੀ ਡਿੱਕੀ 'ਚ ਰੱਖ ਕੇ ਇੱਕ ਸੁੰਨਸਾਨ ਸੜਕ ਵੱਲ੍ਹ ਚਲਾ ਗਿਆ। ਵਾਚੁਕ ਨੇ ਕਿਹਾ ਕਿ ਕਤਲ ਲਈ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਵਾਚੁਕ ਨੇ ਕਿਹਾ ਕਿ ਅੱਗ ਲੱਗੀ ਦੇਖ ਕੇ ਜਦੋਂ ਫ਼ਾਇਰ ਬ੍ਰਿਗੇਡ ਦਾ ਅਮਲਾ ਉੱਥੇ ਪਹੁੰਚਿਆ ਤਾਂ ਉਨ੍ਹਾਂ ਨੂੰ ਕਾਰ ਦੀ ਡਿੱਕੀ ਵਿੱਚ ਲੜਕੀ ਦੀ ਲਾਸ਼ ਬਰਾਮਦ ਹੋਈ, ਕਿਉਂਕਿ ਕਾਰ ਦਾ ਸਿਰਫ਼ ਅਗਲਾ ਹਿੱਸਾ ਹੀ ਸੜਿਆ ਸੀ।
ਪੋਸਟਮਾਰਟਮ ਵਿੱਚ ਖੋਪੜੀ 'ਚ ਕਈ ਫ੍ਰੈਕਚਰ ਹੋਣ ਦਾ ਖ਼ੁਲਾਸਾ ਹੋਇਆ। ਇਸ ਤੋਂ ਇਲਾਵਾ, ਘਟਨਾ ਵਾਲੇ ਸਥਾਨ 'ਤੇ ਇੱਕ ਗੋਲੀ ਦਾ ਖਾਲੀ ਖੋਲ ਮਿਲਿਆ ਜਿਹੜਾ ਲਾਸ਼ 'ਚ ਬਰਾਮਦ ਹੋਈ ਗੋਲੀ ਨਾਲ ਮੇਲ ਖਾਂਦਾ ਸੀ। ਦਿਓ ਦੀ ਉਮਰ ਹੁਣ 25 ਸਾਲ ਦੀ ਹੈ, ਜਿਸ 'ਤੇ ਮਈ 2019 ਵਿੱਚ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਇੱਕ ਮਹੀਨੇ ਬਾਅਦ ਉਸ ਉੱਤੇ ਮਨੁੱਖੀ ਲਾਸ਼ ਨਾਲ ਇਤਰਾਜ਼ਯੋਗ ਸਲੂਕ ਕਰਨ ਦਾ ਵੀ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਭਵਕਿਰਨ ਢੇਸੀ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਸੱਤ ਸਾਲ ਦੀ ਸਜ਼ਾ ਕਾਫ਼ੀ ਨਹੀਂ।