
ਇਕ ਦੀ ਹੋਈ ਮੌਤ, ਇਕ ਜ਼ਖਮੀ, ਰੋਹਿਤ ਗੋਦਾਰਾ ਗੈਂਗ ਨੇ ਗੋਲੀਬਾਰੀ ਦੀ ਲਈ ਜ਼ਿੰਮੇਵਾਰੀ
ਕੈਲੀਫੋਰਨੀਆ : ਅਮਰੀਕਾ ’ਚ ਲਾਰੈਂਸ ਬਿਸ਼ਨੋਈ ਗੈਂਗ ਅਤੇ ਰੋਹਿਤ ਗੋਦਾਰਾ ਗੈਂਗ ਵਿਚਾਲੇ ਗੈਂਗਵਾਰ ਹੋਈ। ਕੈਲੀਫੋਰਨੀਆ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਹੈਰੀ ਬਾਕਸਰ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਇਕ ਹੋਰ ਦੇ ਜ਼ਖਮੀ ਹੋਣ ਦੀ ਗੱਲ ਆਖੀ ਗਈ ਹੈ। ਸ਼ੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਗੋਲੀਬਾਰੀ ਦੌਰਾਨ ਹੈਰੀ ਬਾਕਸਰ ਬਚ ਗਿਆ ਹੈ, ਜਦਕਿ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ੂਟਰ ਹੈਰੀ ਬਾਕਸਰ ਜਦੋਂ ਕਾਰ ਰਾਹੀਂ ਕਿਤੇ ਜਾ ਰਿਹਾ ਸੀ ਤਾਂ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਦੌਰਾਨ ਹੈਰੀ ਬਾਕਸਰ ਗੱਡੀ ਦੀਆਂ ਸੀਟਾਂ ਦੇ ਪਿੱਛੇ ਲੁਕ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ।
ਸ਼ੋਸ਼ਲ ਮੀਡੀਆ ’ਤੇ ਸਾਹਮਣੇ ਆਈ ਰੋਹਿਤ ਗੋਦਾਰਾ ਨਾਮ ਦੀ ਆਈਡੀ ਤੋਂ ਇਕ ਪੋਸਟ ’ਚ ਕਿਹਾ ਗਿਆ ਹੈ ਕਿ ਮੈਂ (ਰੋਹਿਤ ਗੋਦਾਰਾ, ਗੋਲਡੀ ਬਰਾੜ) ਭਾਈ, ਅਸੀਂ ਹੀ ਉਹ ਲੋਕ ਹਾਂ ਜਿਨ੍ਹਾਂ ਨੇ ਕੈਲੀਫੋਰਨੀਆ ’ਚ ਹੈਰੀ ਬਾਕਸਰ ਉਰਫ਼ ਹਰੀਆ ਨੂੰ ਗੋਲੀ ਮਾਰੀ। ਇਸ ਗੋਲੀਬਾਰੀ ਦੌਰਾਨ ਉਸ ਦੇ ਇਕ ਸਾਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਹਸਪਤਾਲ ਵਿਚ ਭਰਤੀ ਹੈ ਅਤੇ ਹੈਰੀ ਬਾਕਸਰ ਬਚ ਗਿਆ। ਪੋਸਟ ’ਚ ਅੱਗੇ ਲਿਖਿਆ ਗਿਆ ਹੈ ਕਿ ਹੈਰੀ ਬਾਕਸਰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਛੁਪ ਜਾਵੇ ਪਰ ਅਸੀਂ ਉਸ ਨੂੰ ਛੱਡਾਂਗੇ ਨਹੀਂ।