
ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ’ਤੇ ਪਾਲਕੀ ਸਾਹਿਬ ’ਤੇ ਕੀਤੀ ਗਈ ਫੁੱਲਾਂ ਦੀ ਵਰਖਾ
ਮਿਲਾਨ/ਦਲਜੀਤ ਮੱਕੜ : ਨੌਂਵੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਟਲੀ ਦੇ ਕਾਜੇਲਮੋਰਾਨੋ ਵਿਖੇ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਇਟਲੀ ਕਾਜੇਲਮੋਰਾਨੋ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਵਿੱਚ ਉੱਤਰੀ ਇਟਲੀ ਦੇ ਕਈ ਹਿੱਸਿਆਂ ਵਿਚ ਵਸਦੀਆਂ ਸੰਗਤਾਂ ਵਲੋਂ ਦੂਰ-ਦਰਾਡੇ ਤੋਂ ਪਹੁੰਚ ਕੇ ਰੌਣਕਾਂ ਨੂੰ ਵਧਾਉਂਦੇ ਹੋਏ ਗੁਰਬਾਣੀ ਵਿਚਾਰਾਂ ਨੂੰ ਸਰਵਣ ਕੀਤਾ ਗਿਆ।
ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਹੋਈ। ਸਾਰੇ ਰਸਤੇ ਵਿਚ ਸੰਗਤਾਂ ਦੁਆਰਾ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਕਾਜੇਲਮੋਰਾਨੋ ਸ਼ਹਿਰ ਵਿੱਚ ਗੂੰਜ ਪਈ। ਨਗਰ ਕੀਰਤਨ ਮੌਕੇ ਵੱਖ-ਵੱਖ ਰਾਗੀ ਸਿੰਘਾਂ ਦੁਆਰਾ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਦੇ ਸਿੰਘਾਂ ਵੱਲੋ ਗਤਕੇ ਦੇ ਜੌਹਰ ਵਿਖਾਉਦੇ ਹੋਏ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ।
ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ਪੰਜ ਪਿਅਰਿਆਂ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸ਼ਾਮ ਨੂੰ ਨਗਰ ਦੀ ਪਰਿਕਰਮਾ ਕਰਦਿਆਂ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਈ। ਜਿੱਥੇ ਪੰਡਾਲ ਸਜਾਇਆ ਗਿਆ। ਇਸ ਮੌਕੇ ਇਟਲੀ ਦੇ ਪ੍ਰਸਿੱਧ ਕਵੀਸ਼ਰੀ ਜੱਥੇ ਭਾਈ ਅੰਗਰੇਜ ਸਿੰਘ ਜਾਂਗਲਾਂ ਅਤੇ ਸਾਥੀਆਂ ਦੁਆਰਾ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ।
ਸੇਵਾਦਾਰਾਂ ਵੱਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਸਫਲਤਾ ਪੂਰਵਕ ਤੇ ਨਿਰਵਿਘਨ ਕਰਵਾਉਣ ਲਈ ਸਥਾਨਿਕ ਪੁਲਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ। ਨਗਰ ਕੀਰਤਨ ਦੀ ਸਮਾਪਤੀ ਉੱਤੇ ਪ੍ਰਬੰਧਕ ਕਮੇਟੀ ਵੱਲੋਂ ਕਾਜਲਮੋਰਾਨੋ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਹੋਰਨਾਂ ਗੁਰਦੁਆਰਾ ਸਾਹਿਬ ਤੋਂ ਆਈਆਂ ਹੋਈਆਂ ਪ੍ਰਬੰਧਕ ਕਮੇਟੀਆਂ ਵੱਲੋਂ ਸੇਵਾਵਾਂ ਵਿੱਚ ਹਿੱਸਾ ਪਾਉਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਪ੍ਰਗਟ ਸਿੰਘ ਖਾਲਸਾ ਨੇ ਆਈਆਂ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰੁ ਵਾਲੇ ਬਣਨ ਦੀ ਅਪੀਲ ਕਰਦਿਆਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।