
ਅਮਰੀਕਾ ਨੇ ਲਾਂਚ ਦੀ ਸਖਤ ਨਿੰਦਾ ਕੀਤੀ, ਕਿਹਾ ਕਿ ਇਸ ਨਾਲ ਖੇਤਰ ’ਚ ਵਧੇਗਾ ਤਣਾਅ
North Korea : ਉੱਤਰੀ ਕੋਰੀਆ ਨੇ ਕਿਹਾ ਕਿ ਉਸ ਨੇ ਤੀਜੀ ਕੋਸ਼ਿਸ਼ ’ਚ ਇਕ ਜਾਸੂਸੀ ਉਪਗ੍ਰਹਿ ਨੂੰ ਆਰਬਿਟ ’ਚ ਸਥਾਪਤ ਕਰ ਦਿਤਾ ਹੈ। ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਤਣਾਅ ਦੇ ਵਿਚਕਾਰ ਪੁਲਾੜ ਆਧਾਰਤ ਨਿਗਰਾਨੀ ਪ੍ਰਣਾਲੀ ਸਥਾਪਤ ਕਰਨ ਦੀ ਅਪਣੀ ਵਚਨਬੱਧਤਾ ਨੂੰ ਦੁਹਰਾਇਆ। ਹਾਲਾਂਕਿ ਉੱਤਰੀ ਕੋਰੀਆ ਦੇ ਇਸ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।
ਨਿਗਰਾਨਾਂ ਨੂੰ ਸ਼ੱਕ ਹੈ ਕਿ ਕੀ ਸੈਟੇਲਾਈਟ ਫੌਜ ਲਈ ਖੋਜ ਕਾਰਜ ਕਰਨ ਲਈ ਏਨਾ ਕੁ ਆਧੁਨਿਕ ਹੈ ਕਿ ਉਹ ਟੋਹ ਲੈਣ ਵਰਗੇ ਕੰਮ ਕਰ ਸਕੇ। ਉੱਤਰੀ ਕੋਰੀਆ ਦੀ ਪੁਲਾੜ ਏਜੰਸੀ ਨੇ ਕਿਹਾ ਕਿ ਉਸ ਦੇ ਨਵੇਂ ‘ਚੋਲੀਮਾ-1’ ਕੈਰੀਅਰ ਰਾਕੇਟ ਨੇ ਦੇਸ਼ ਦੇ ਮੁੱਖ ਲਾਂਚ ਕੇਂਦਰ ਤੋਂ ਲਾਂਚਿੰਗ ਤੋਂ 12 ਮਿੰਟ ਬਾਅਦ ਮੰਗਲਵਾਰ ਰਾਤ ਨੂੰ ਉਪਗ੍ਰਹਿ ‘ਮਾਲਿਗਯੋਂਗ-1’ ਨੂੰ ਧਰਤੀ ਦੇ ਆਲੇ-ਦੁਆਲੇ ਪੰਧ ’ਚ ਸਥਾਪਤ ਕਰ ਦਿਤਾ।
ਨੈਸ਼ਨਲ ਏਰੋਸਪੇਸ ਟੈਕਨਾਲੋਜੀ ਪ੍ਰਸ਼ਾਸਨ ਨੇ ਲਾਂਚ ਨੂੰ ਅਪਣੀ ਸਵੈ-ਰਖਿਆ ਸਮਰੱਥਾ ਵਧਾਉਣ ਲਈ ਉੱਤਰੀ ਕੋਰੀਆ ਦਾ ਜਾਇਜ਼ ਅਧਿਕਾਰ ਦਸਿਆ ਹੈ।
ਏਜੰਸੀ ਨੇ ਕਿਹਾ ਕਿ ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ਲਾਂਚ ਨੂੰ ਵੇਖਿਆ ਅਤੇ ਵਿਗਿਆਨੀਆਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਦਖਣੀ ਕੋਰੀਆ ਅਤੇ ਹੋਰਾਂ ਦੀ ਨਿਗਰਾਨੀ ਲਈ ਅਜਿਹੇ ਹੋਰ ਜਾਸੂਸੀ ਉਪਗ੍ਰਹਿ ਲਾਂਚ ਕਰਨਾ ਜਾਰੀ ਰੱਖੇਗਾ।
ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੁਲਾਰਾ ਐਡਰਿਏਨ ਵਾਟਸਨ ਨੇ ਕਿਹਾ ਕਿ ਅਮਰੀਕਾ ਇਸ ਲਾਂਚ ਦੀ ਸਖਤ ਨਿੰਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ‘ਤਣਾਅ ਵਧਾਉਂਦਾ ਹੈ ਅਤੇ ਇਲਾਕੇ ਤੇ ਇਸ ਤੋਂ ਬਾਹਰ ਦੀ ਸੁਰੱਖਿਆ ਨੂੰ ਅਸਥਿਰ ਕਰਨ ਵਾਲੇ ਜੋਖਮ ਪੈਦਾ ਕਰਦਾ ਹੈ।’
ਦਖਣੀ ਕੋਰੀਆ ਅਤੇ ਜਾਪਾਨ ਅਨੁਸਾਰ, ਉਪਗ੍ਰਹਿ ਨੂੰ ਲੈ ਕੇ ਜਾਣ ਵਾਲੇ ਰਾਕੇਟ ਨੇ ਕੋਰੀਆਈ ਪ੍ਰਾਇਦੀਪ ਦੇ ਪਛਮੀ ਤੱਟ ਅਤੇ ਓਕੀਨਾਵਾ ਦੇ ਜਾਪਾਨੀ ਟਾਪੂ ਉੱਤੇ ਪ੍ਰਸ਼ਾਂਤ ਮਹਾਸਾਗਰ ਵਲ ਉਡਾਣ ਭਰੀ। ਜਾਪਾਨ ਸਰਕਾਰ ਨੇ ਓਕੀਨਾਵਾ ਲਈ ‘ਜੇ-ਅਲਰਟ ਮਿਜ਼ਾਈਲ ਚੇਤਾਵਨੀ’ ਜਾਰੀ ਕੀਤੀ ਅਤੇ ਅਪਣੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਅਪੀਲ ਕੀਤੀ।