
ਕੈਨੇਡਾ ਵਿਚ ਪੀ.ਆਰ. ਪ੍ਰਾਪਤ ਕਰਨ ਲਈ ਇਸ ਸਾਲ ਕੈਨੇਡੀਅਨ ਇੰਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿੱਪ ਵਿਭਾਗ ਨੇ ਹੁਣ ਤੱਕ 14.500 ਲੋਕਾਂ ਨੂੰ ਪੀ.ਆਰ. ...
ਓਟਾਵਾ : ਕੈਨੇਡਾ ਵਿਚ ਪੀ.ਆਰ. ਪ੍ਰਾਪਤ ਕਰਨ ਲਈ ਇਸ ਸਾਲ ਕੈਨੇਡੀਅਨ ਇੰਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿੱਪ ਵਿਭਾਗ ਨੇ ਹੁਣ ਤੱਕ 14.500 ਲੋਕਾਂ ਨੂੰ ਪੀ.ਆਰ. ਅਪਲਾਈ ਕਰਨ ਦਾ ਸੱਦਾ ਭੇਜ ਦਿਤਾ ਹੈ। ਇਸ ਮਹੀਨੇ 20 ਫਰਵਰੀ ਤੱਕ ਐਕਸਪ੍ਰੈਸ ਐਂਟਰੀ ਪੂਲ ਤਹਿਤ 3.350 ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਐਕਸਪ੍ਰੈਸ ਐਂਟਰੀ ਸਿਸਟਮ ਦੀ ਸ਼ੁਰੂਆਤ 2015 ਵਿਚ ਕੀਤੀ ਗਈ ਸੀ। ਇਸ ਦੇ ਨਾਲ ਹੀ ਸਭ ਤੋਂ ਵੱਧ ਲੋਕਾਂ ਨੂੰ ਸੱਦੇ 2019 ਵਿਚ ਹੀ ਭੇਜੇ ਗਏ ਹਨ।
ਇੰਮੀਗ੍ਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜ਼ਨਸ਼ਿੱਪ ਕੈਨੇਡਾ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਸਾਲ 2019 ਵਿਚ ਹੁਣ ਤੱਕ ਉਨ੍ਹਾਂ ਦੇ ਵਿਭਾਗ ਵਲੋਂ 14,500 ਲੋਕਾਂ ਨੂੰ ਕੈਨੇਡਾ ਵਿਚ ਪੀ.ਆਰ. ਪ੍ਰਾਪਤ ਕਰਨ ਲਈ ਸੱਦੇ ਭੇਜੇ ਜਾ ਚੁੱਕੇ ਹਨ, ਜੋ ਕਿ ਅਪਣੇ ਆਪ ਵਿਚ ਰਿਕਾਰਡ ਹੈ। 2018 ਦੇ ਮੁਕਾਬਲੇ 2019 ਵਿਚ ਪਹਿਲੇ 2 ਮਹੀਨਿਆਂ ਵਿਚ 70 ਫ਼ੀਸਦੀ ਵੱਧ ਸੱਦੇ ਭੇਜੇ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ 2019 ਵਿਚ 81,400 ਲੋਕਾਂ ਨੂੰ ਸੱਦਾ ਭੇਜਿਆ ਜਾਣਾ ਹੈ।
ਦੱਸ ਦਈਏ ਕਿ ਐਕਸਪ੍ਰੈਸ ਐਂਟਰੀ ਸਿਸਟਮ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿਚ ਕੈਨੇਡਾ ਇੰਮੀਗ੍ਰੇਸ਼ਨ ਵਿਭਾਗ ਮਹੀਨੇ ਵਿਚ 2 ਵਾਰ 1 ਨੰਬਰ ਜਾਰੀ ਕਰਦਾ ਹੈ ਅਤੇ ਜਿਨ੍ਹਾਂ ਉਮੀਦਵਾਰਾਂ ਦੇ ਪੁਆਇੰਟ ਉਸ ਨੰਬਰ ਤੋਂ ਉਪਰ ਹੁੰਦੇ ਹਨ, ਉਹ ਪੀ.ਆਰ. ਲੈਣ ਦੇ ਯੋਗ ਹੋ ਜਾਂਦੇ ਹਨ। ਐਕਸਪ੍ਰੈਸ ਐਂਟਰੀ ਤਹਿਤ ਅਰਜੀ ਇਕ ਉਮੀਦਵਾਰ ਦੇ ਰੈਕਿੰਗ ਸਿਸਟਮ ਸਕੋਰ ਉਤੇ ਆਧਾਰਤ ਹੁੰਦੇ ਹਨ,
ਜੋ ਕਿ ਉਮਰ, ਸਿੱਖਿਆ, ਕੰਮ ਦੇ ਤਜ਼ਰਬੇ, ਕੈਨੇਡਾ ਵਿਚ ਪਰਵਾਰਕ ਸਬੰਧਾਂ ਅਤੇ ਅੰਗਰੇਜ਼ੀ ਜਾਂ ਫਰਾਂਸੀਸੀ ਭਾਸ਼ਾ ਦੇ ਗਿਆਨ ਦੇ ਆਧਾਰ ਉਤੇ ਸਕੋਰਿੰਗ ਹੁੰਦੀ ਹੈ। ਹਰ ਸਾਲ ਵੱਡੀ ਗਿਣਤੀ ਵਿਚ ਭਾਰਤੀ ਲੋਕ ਇਸ ਸਕੀਮ ਦਾ ਫ਼ਾਇਦਾ ਲੈ ਕੇ ਕੈਨੇਡਾ ਵਿਚ ਪੀ.ਆਰ. ਕਰ ਰਹੇ ਹਨ।