
ਸ੍ਰੀਲੰਕਾ ਵਿਚ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਆਈਐਸਆਈਐਸ ਨੇ ਲਈ ਹੈ।
ਨਵੀਂ ਦਿੱਲੀ: ਸ੍ਰੀਲੰਕਾ ਵਿਚ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਆਈਐਸਆਈਐਸ ਨੇ ਲਈ ਹੈ। ਸ੍ਰੀ ਲੰਕਾ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਦੱਸ ਦਈਏ ਕਿ ਸ੍ਰੀਲੰਕਾ ਵਿਚ ਈਸਟਰ ਮੌਕੇ ‘ਤੇ ਗਿਰਜਾਘਰਾਂ ਅਤੇ ਹੋਟਲਾਂ ਵਿਚ ਹੋਏ ਹਮਲਿਆਂ ਵਿਚ 10 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ।
Sri Lanka blasts
ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਐਤਵਾਰ ਨੂੰ ਹੋਏ ਧਮਾਕਿਆਂ ਵਿਚ ਦੋ ਹੋਰ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੁੱਖ ਜ਼ਾਹਿਰ ਕੀਤਾ ਸੀ। ਦੱਸ ਦਈਏ ਕਿ 7 ਆਤਮਘਾਤੀ ਹਮਲਾਵਰਾਂ ਨੇ ਇਨ੍ਹਾਂ ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਸ੍ਰੀਲੰਕਾ ਵਿਚ ਹੁਣ ਤੱਕ ਦਾ ਇਹ ਸਭ ਤੋਂ ਖਤਰਨਾਕ ਹਮਲਾ ਹੋਇਆ ਹੈ। ਸ੍ਰੀ ਲੰਕਾ ਦੇ ਰਾਸ਼ਟਰਪਤੀ ਦੀ ਅਗਵਾਈ ਵਿਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਇਕ ਬੈਠਕ ਦੌਰਾਨ ਸੋਮਵਾਰ ਅੱਧੀ ਰਾਤ ਨੂੰ ਐਮਰਜੈਂਸੀ ਲਗਾਉਣ ਦਾ ਫੈਸਲਾ ਲਿਆ ਗਿਆ ਸੀ।
Sri lanka Blast
ਇਸ ਤੋਂ ਪਹਿਲਾਂ ਦੱਸਿਆ ਗਿਆ ਕਿ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਚ ਮੁਸਲਮਾਨਾਂ ‘ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਧਮਾਕੇ ਕੀਤੇ ਗਏ ਸਨ। ਇਸ ਗੱਲ ਦੀ ਜਾਣਕਾਰੀ ਸ੍ਰੀਲੰਕਾ ਦੇ ਉਪ-ਰੱਖਿਆ ਮੰਤਰੀ ਨੇ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਈਸਟਰ ਦੇ ਮੌਕੇ ‘ਤੇ ਐਤਵਾਰ ਨੂੰ ਦੇਸ਼ ਵਿਚ ਹੋਏ ਬੰਬ ਧਮਾਕਿਆਂ ਕਾਰਨ ਹੋਈ ਤਬਾਹੀ ਦੀ ਘਟਨਾ ਬਹੁਤ ਹੀ ਹੈਰਾਨੀਜਨਕ ਸੀ ਅਤੇ ਖੁਫੀਆ ਜਾਣਕਾਰੀ ਪਹਿਲਾਂ ਮਿਲਣ ਦੇ ਬਾਵਜੂਦ ਵੀ ਦੇਸ਼ ਵਿਚ ਵੱਡੀ ਗਿਣਤੀ ‘ਚ ਮੌਜੂਦ ਗਿਰਜਾਘਰਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਤਕਰੀਬਨ ਅਸੰਭਵ ਸੀ।