
ਈਸਟਰ ਦੇ ਮੌਕੇ ‘ਤੇ ਸ੍ਰੀਲੰਕਾ ਵਿਚ ਹੋਏ ਹਮਲਿਆਂ ਵਿਚ ਅੱਠ ਭਾਰਤੀਆਂ ਸਮੇਤ 310 ਲੋਕਾਂ ਦੀ ਮੌਤ ਹੋ ਗਈ ਹੈ।
ਨਵੀਂ ਦਿੱਲੀ: ਈਸਟਰ ਦੇ ਮੌਕੇ ‘ਤੇ ਸ੍ਰੀਲੰਕਾ ਵਿਚ ਹੋਏ ਹਮਲਿਆਂ ਵਿਚ ਅੱਠ ਭਾਰਤੀਆਂ ਸਮੇਤ 310 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਚ ਮੁਸਲਮਾਨਾਂ ‘ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਇਹ ਧਮਾਕੇ ਕੀਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਸ੍ਰੀਲੰਕਾ ਦੇ ਉਪ-ਰੱਖਿਆ ਮੰਤਰੀ ਨੇ ਦਿੱਤੀ ਹੈ।
ਸ੍ਰੀਲੰਕਾ ਸਰਕਾਰ ਨੇ ਕਿਹਾ ਹੈ ਕਿ ਈਸਟਰ ਦੇ ਮੌਕੇ ‘ਤੇ ਐਤਵਾਰ ਨੂੰ ਦੇਸ਼ ਵਿਚ ਹੋਏ ਬੰਬ ਧਮਾਕਿਆਂ ਕਾਰਨ ਹੋਈ ਤਬਾਹੀ ਦੀ ਘਟਨਾ ਬਹੁਤ ਹੀ ਹੈਰਾਨੀਜਨਕ ਸੀ ਅਤੇ ਖੁਫੀਆ ਜਾਣਕਾਰੀ ਪਹਿਲਾਂ ਮਿਲਣ ਦੇ ਬਾਵਜੂਦ ਵੀ ਦੇਸ਼ ਵਿਚ ਵੱਡੀ ਗਿਣਤੀ ‘ਚ ਮੌਜੂਦ ਗਿਰਜਾਘਰਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਤਕਰੀਬਨ ਅਸੰਭਵ ਸੀ। ਇਹਨਾਂ ਹਮਲਿਆਂ ਵਿਚ ਅੱਠ ਭਾਰਤੀਆਂ ਸਮੇਤ 310 ਲੋਕਾਂ ਦੀ ਮੌਤ ਹੋ ਗਈ। ਸ੍ਰੀਲੰਕਾ ਦੇ ਰੱਖਿਆ ਮੰਤਰੀ ਹੇਮਾਸਿਰੀ ਫਨਾਰਡੋ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਸੱਤ ਆਤਮਘਾਤੀ ਹਮਲਾਵਰਾਂ ਨੇ ਇਨ੍ਹਾਂ ਹਮਲਿਆਂ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਹਮਲਾਵਰਾਂ ਦਾ ਸਬੰਧ ਸਥਾਨਕ ਕੱਟੜ ਇਸਲਾਮਿਕ ਸੰਗਠਨ ਨੈਸ਼ਨਲ ਤੋਹੀਦ ਜਮਾਤ (ਐਨਟੀਜੇ) ਨਾਲ ਦੱਸਿਆ ਜਾ ਰਿਹਾ ਹੈ। ਹਾਲਾਂਕਿ ਕਿਸੇ ਵੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਫਨਾਰਡੋ ਨੇ ਕਿਹਾ ਕਿ ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਇਨ੍ਹਾਂ ਹਮਲਿਆਂ ਬਾਰੇ ਸਰਕਾਰ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ।
ਸ੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਦੇ ਮੌਕੇ ‘ਤੇ ਹੋਏ ਬੰਬ ਧਮਾਕਿਆਂ ਵਿਚ ਮਾਰੇ ਗਏ 31 ਵਿਦੇਸ਼ੀ ਨਾਗਰਿਕਾਂ ਵਿਚ ਸਭ ਤੋਂ ਜ਼ਿਆਦਾ 8 ਨਾਗਰਿਕ ਭਾਰਤ ਦੇ ਸ਼ਾਮਿਲ ਸਨ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਹਮਲੇ ਵਿਚ ਮਾਰੇ ਗਏ ਵਿਦੇਸ਼ੀ ਨਾਗਰਿਕਾਂ ਵਿਚ ਭਾਰਤ ਦੇ 8, ਬ੍ਰਿਟੇਨ ਦੇ 7, ਚੀਨ, ਸਾਊਦੀ ਅਰਬ ਅਤੇ ਤੁਰਕੀ ਦੇ ਦੋ-ਦੋ ਅਤੇ ਫ੍ਰਾਂਸ , ਜਪਾਨ, ਬਾਂਗਲਾਦੇਸ਼, ਨੀਦਰਲੈਂਡ ਅਤੇ ਸਪੇਨ ਦੇ ਇਕ-ਇਕ ਨਾਗਰਿਕ ਸ਼ਾਮਿਲ ਹਨ।