
ਸੀਰੀਆਈ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰਾਜਧਾਨੀ ਦਮਿਸ਼ਕ ਅਤੇ ਉਸ ਦੇ ਆਸਪਾਸ ਦਾ ਇਲਾਕਾ ਇਸਲਾਮਿਕ ਸਟੇਟ ਸੰਗਠਨ (ਆਈ.ਐਸ.) ਦੇ ਅਤਿਵਾਦੀਆਂ ...
ਦਮਿਸ਼ਕ, 22 ਮਈ : ਸੀਰੀਆਈ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰਾਜਧਾਨੀ ਦਮਿਸ਼ਕ ਅਤੇ ਉਸ ਦੇ ਆਸਪਾਸ ਦਾ ਇਲਾਕਾ ਇਸਲਾਮਿਕ ਸਟੇਟ ਸੰਗਠਨ (ਆਈ.ਐਸ.) ਦੇ ਅਤਿਵਾਦੀਆਂ ਤੋਂ ਆਜ਼ਾਦ ਕਰਵਾ ਲਿਆ ਹੈ। ਫ਼ੌਜ ਮੁਤਾਬਕ ਹੁਣ ਇਹ ਖੇਤਰ ਪੂਰੀ ਤਰ੍ਹਾਂ ਸੁਰੱਖਿਅਤ ਹੈ।ਸੀਰੀਆਈ ਟੀ.ਵੀ. ਚੈਨਲ ਨੂੰ ਦਿਤੇ ਇਕ ਇੰਟਰਵਿਊ 'ਚ ਜਨਰਲ ਅਲੀ ਮੇਹੋਬ ਨੇ ਕਿਹਾ ਕਿ ਫ਼ੌਜ ਨੇ ਇਕ ਮਹੀਨੇ ਦੀ ਮੁਹਿੰਮ ਮਗਰੋਂ ਫ਼ਲਸਤੀਨੀ ਯਮੋਰਕ ਕੈਂਪ ਅਤੇ ਹਜ਼ਰ ਅਲ-ਅਸਵਾਦ 'ਚ ਆਈ.ਐਸ. ਨੂੰ ਖ਼ਤਮ ਕਰ ਦਿਤਾ।
ਰਾਸ਼ਟਰਪਤੀ ਬਸ਼ਰ ਅਸਦ ਦੀ ਫ਼ੌਜ ਨੇ ਸਾਲ 2011 ਦੀਆਂ ਲੜਾਈਆਂ ਤੋਂ ਬਾਅਦ ਪਹਿਲੀ ਵਾਰ ਦਮਿਸ਼ਕ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਨੂੰ ਸਰਕਾਰੀ ਕਬਜ਼ੇ 'ਚ ਲਿਆ ਹੈ। ਦਮਿਸ਼ਕ ਅਤੇ ਉਸ ਦੇ ਆਸਪਾਸ ਦਾ ਖੇਤਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਮੁਹਿੰਮ ਦੌਰਾਨ ਦੋਹਾਂ ਪਾਸੇ ਦੇ ਕਈ ਲੋਕ ਮਾਰੇ ਗਏ। ਨਾਲ ਹੀ ਯਮੋਰਕ ਕੈਂਪ ਦੇ ਰਿਹਾਇਸ਼ੀ ਇਲਾਕੇ 'ਚ ਵੀ ਕਾਫੀ ਤਬਾਹੀ ਹੋਈ ਹੈ।
ਸਥਾਨਕ ਮੀਡੀਆ ਮੁਤਾਬਕ ਜਿਸ ਤਰ੍ਹਾਂ 'ਤੇ ਫ਼ੌਜ ਅਤੇ ਅਤਿਵਾਦੀਆਂ ਵਿਚਕਾਰ ਝੜਪ ਹੋ ਰਹੀ ਸੀ, ਉਥੇ ਕੁਝ ਨਾਗਰਿਕ ਵੀ ਫਸੇ ਸਨ। ਉਨ੍ਹਾਂ ਨੂੰ ਕੱਢਣ ਲਈ ਫ਼ੌਜ ਨੂੰ ਜੰਗ ਬੰਦੀ ਲਗਾਉਣੀ ਪਈ, ਜਿਸ ਤੋਂ ਬਾਅਦ ਸਾਰੇ ਲੋਕਾਂ ਨੂੰ ਬਾਹਰ ਕਢਿਆ ਗਿਆ।ਜ਼ਿਕਰਯੋਗ ਹੈ ਕਿ ਬਸ਼ਰ ਅਲ ਅਸਦ ਨੇ ਸਾਲ 2000 'ਚ ਅਪਣੇ ਪਿਤਾ ਹਾਫ਼ੇਜ ਅਲ ਅਸਦ ਤੋਂ ਸੱਤਾ ਪ੍ਰਾਪਤ ਕੀਤੀ ਸੀ। ਮਾਰਚ 2011 'ਚ ਸੀਰੀਆ ਦੇ ਦਾਰਾ ਸ਼ਹਿਰ 'ਚ ਅੰਦੋਲਨ ਸ਼ੁਰੂ ਹੋਇਆ।
ਅਸਦ ਨੇ ਇਸ ਅੰਦੋਲਨ ਵਿਰੁਧ ਫ਼ੌਜ ਦੀ ਵਰਤੋਂ ਕੀਤੀ। 2012 'ਚ ਇਸ ਨੇ ਗ੍ਰਹਿ ਯੁੱਧ ਦਾ ਰੂਪ ਲੈ ਲਿਆ। ਅੰਦੋਲਨਕਾਰੀਆਂ ਨੇ ਅਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ। ਇਸ ਅੰਦੋਲਨ 'ਚ ਈਰਾਨ, ਰੂਸ, ਸਾਊਦੀ ਅਰਬ ਅਤੇ ਅਮਰੀਕਾ ਨੇ ਦਖ਼ਲ ਕੀਤਾ। ਦੂਜੇ ਪਾਸੇ ਆਈ.ਐਸ. ਨੇ ਸੀਰੀਆ ਦੇ ਉੱਤਰੀ ਅਤੇ ਪੂਰਬੀ ਇਲਾਕਿਆਂ 'ਚ ਕਬਜ਼ਾ ਕਰ ਲਿਆ। ਅਸਦ ਵਿਰੁਧ ਸ਼ੁਰੂ ਹੋਏ ਹਿੰਸਕ ਪ੍ਰਦਰਸ਼ਨ 'ਚ ਹੁਣ ਤਕ 4 ਲੱਖ ਲੋਕਾਂ ਦੀ ਮੌਤ ਹੋ ਚੁਕੀ ਹੈ।