
ਕੁੱਝ ਦਿਨ ਪਹਿਲਾਂ, ਇਕ ਭੀੜ ਨੇ ਬਿਸ਼ਕੇਕ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਸੀ
Kyrgyzstan violence: ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਰਾਜਧਾਨੀ 'ਚ ਸਥਿਤੀ ਆਮ ਵਾਂਗ ਹੋ ਗਈ ਹੈ। ਕੁੱਝ ਦਿਨ ਪਹਿਲਾਂ, ਇਕ ਭੀੜ ਨੇ ਬਿਸ਼ਕੇਕ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਨਾਲ ਉੱਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਬਾਰੇ ਚਿੰਤਾਵਾਂ ਵਧ ਗਈਆਂ ਸਨ।
ਭਾਰਤ ਨੇ ਪਿਛਲੇ ਹਫ਼ਤੇ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਬਿਸ਼ਕੇਕ ਵਿਚ ਅਪਣੇ ਵਿਦਿਆਰਥੀਆਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਸੀ। ਮੌਜੂਦਾ ਸਮੇਂ ਲਗਭਗ 17 ਹਜ਼ਾਰ ਭਾਰਤੀ ਵਿਦਿਆਰਥੀ ਕਿਰਗਿਸਤਾਨ ਵਿਚ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਬਿਸ਼ਕੇਕ ਵਿਚ ਰਹਿ ਰਹੇ ਹਨ।
ਭਾਰਤੀ ਮਿਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਦੂਤਾਵਾਸ ਨੇ ਬਿਸ਼ਕੇਕ 'ਚ ਵਿਦੇਸ਼ੀ ਵਿਦਿਆਰਥੀਆਂ ਵਿਰੁਧ ਹਿੰਸਾ ਦੀਆਂ ਹਾਲ ਹੀ ਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ। ਹਾਲਾਂਕਿ, ਕਿਰਗਿਸਤਾਨ ਦੇ ਅਧਿਕਾਰੀਆਂ ਦੀ ਤੁਰੰਤ ਕਾਰਵਾਈ ਦੇ ਕਾਰਨ, ਬਿਸ਼ਕੇਕ ਵਿਚ ਸਥਿਤੀ ਆਮ ਵਾਂਗ ਹੋ ਗਈ ਹੈ।
ਬਿਆਨ ਦੇ ਅਨੁਸਾਰ, “ਪਿਛਲੇ ਕੁੱਝ ਦਿਨਾਂ ਤੋਂ ਬਿਸ਼ਕੇਕ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ। ਲੋਕਾਂ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਹੈ। ਹਾਲਾਂਕਿ, ਸਾਵਧਾਨੀ ਦੇ ਤੌਰ 'ਤੇ, ਕਲਾਸਾਂ ਆਨਲਾਈਨ ਮੋਡ ਵਿਚ ਚਲਾਈਆਂ ਜਾ ਰਹੀਆਂ ਹਨ”। ਦੂਤਾਵਾਸ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
(For more Punjabi news apart from Situation in Bishkek has returned to normal: Indian embassy on Kyrgyzstan violence, stay tuned to Rozana Spokesman)