
2013 'ਚ ਸਨ 19,191 ਸਿੱਖ ਅਤੇ 2018 'ਚ ਹਨ 40,908
ਆਕਲੈਂਡ : ਵਾਲ ਦੀ ਖੱਲ ਉਧੇੜਨੀ ਹੋਵੇ ਤਾਂ ਬਾਹਰਲੇ ਮੁਲਕਾਂ ਦਾ 'ਅੰਕੜਾ ਵਿਭਾਗ' ਇਕ ਵਧੀਆ ਉਦਾਹਰਣ ਹੋ ਸਕਦਾ ਹੈ। ਐਨੀ ਬਾਰੀਕੀ ਨਾਲ ਅਧਿਐਨ ਕਰਦੇ ਹਨ ਕਿ ਇਕ-ਇਕ ਵਿਅਕਤੀ ਦੇ ਦਰਜਨਾਂ ਵੇਰਵੇ ਦਰਜ ਕਰਦੇ ਹਨ। ਅੱਜ ਨਿਊਜ਼ੀਲੈਂਡ ਦੇ ਅੰਕੜਾ ਵਿਭਾਗ ਵਲੋਂ ਜਨਗਣਨਾ-2018 ਦੇ ਅੰਕੜੇ ਜਾਰੀ ਕੀਤੇ ਗਏ। ਇਥੇ ਹਰ ਪੰਜ ਸਾਲ ਬਾਅਦ ਅਜਿਹੀ ਜਨਗਨਣਾ ਕੀਤੀ ਜਾਂਦੀ ਹੈ। ਵੱਖ-ਵੱਖ ਸ਼੍ਰੇਣੀਆਂ ਦੇ ਅੰਕੜੇ ਜਿਥੇ ਦੇਸ਼ ਦੇ ਬਹੁਤ ਹੀ ਮਹੱਤਵਪੂਰਨ ਅਤੇ ਹੈਰਾਨੀਜਨਕ ਤੱਥ ਪ੍ਰਗਟ ਕਰਦੇ ਹਨ ਉਥੇ ਪ੍ਰਵਾਸੀਆਂ ਦੀ ਇਨ੍ਹਾਂ ਅੰਕੜਿਆਂ ਵਿਚ ਸ਼ਮੂਲੀਅਤ ਵੀ ਸਾਡੇ ਸੱਭ ਲਈ ਮਹੱਤਵਪੂਰਨ ਹੈ।
New Zealand Sikhs
ਅੰਕੜੇ ਦਸਦੇ ਹਨ ਕਿ ਦੇਸ਼ ਦੀ ਕੁਲ ਆਬਾਦੀ 47,93,358 ਹੈ ਜਿਸ ਵਿਚ 23,64,315 ਪੁਰਸ਼ ਅਤੇ 24,29 046 ਮਹਿਲਾਵਾਂ ਹਨ। ਇਹ ਆਬਾਦੀ ਲੁਧਿਆਣਾ ਸ਼ਹਿਰ ਦਾ ਲਗਭਗ ਦੁੱਗਣਾ ਹੈ ਜਿਸ ਤੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਇਹ ਦੇਸ਼ ਅਪਣੇ ਦੇਸ਼ ਤੋਂ ਕਿੰਨਾ ਛੋਟਾ ਹੋਵੇਗਾ। ਅੱਜ ਜਾਰੀ ਹੋਏ ਅੰਕੜਿਆਂ ਮੁਤਾਬਕ ਜੇਕਰ ਧਰਮ ਵਾਲੇ ਟੇਬਲ ਨੂੰ ਵੇਖਿਆ ਜਾਵੇ ਤਾਂ ਸਿੱਖ ਧਰਮ ਨਾਲ ਸਬੰਧਤ ਸਮੂਹ ਭਾਈਚਾਰੇ ਨੂੰ ਇਸ ਗੱਲ ਦੀ ਖ਼ੁਸ਼ੀ ਹੋਏਗੀ ਨਿਊਜ਼ੀਲੈਂਡ ਵਿਚ ਪਿਛਲੇ ਪੰਜ ਸਾਲਾਂ ਵਿਚ ਜੋ ਧਰਮ ਸਾਰਿਆਂ ਤੋਂ ਜ਼ਿਆਦਾ ਪ੍ਰਤੀਸ਼ਤ ਦਰ ਨਾਲ ਵਧਿਆ ਹੈ ਉਹ ਸਿੱਖਇਜ਼ਮ ਹੈ। ਇਸ ਦੀ ਵਧਣ ਦਰ 113.16 ਫ਼ੀ ਸਦੀ ਵਿਖਾਈ ਦੇ ਰਹੀ ਹੈ। ਪੁਰਾਣੇ ਅੰਕੜੇ ਖੰਗਾਲੇ ਗਏ ਤਾਂ ਪਤਾ ਲੱਗਾ ਕਿ 2013 ਵਿਚ ਇਥੇ ਸਿਰਫ਼ 19,191 ਲੋਕਾਂ ਨੇ ਜਨਗਨਣਾ ਦੌਰਾਨ ਸਿੱਖ ਧਰਮ ਲਿਖਵਾਇਆ ਸੀ ਅਤੇ ਹੁਣ 2018 ਵਿਚ ਇਹ ਗਿਣਤੀ ਵੱਧ ਕੇ 40,908 ਹੋ ਗਈ ਹੈ।
New Zealand Sikhs
ਬਾਕੀ ਅੰਕੜਿਆਂ 'ਤੇ ਨਜ਼ਾਰ ਮਾਰੀਏ ਤਾਂ ਹਿੰਦੂ ਧਰਮ 36.55 ਫ਼ੀ ਸਦੀ ਵਧਿਆ ਹੈ ਅਤੇ ਇਹ ਗਿਣਤੀ 1,21,644 ਹੈ ਜੋ ਕਿ 2013 ਵਿਚ 89,082 ਸੀ। ਕ੍ਰਿਸਚੀਅਨ ਧਰਮ ਵਿਚ 42.44 ਫ਼ੀ ਸਦੀ ਦਾ ਵਾਧਾ, ਨਾਸਤਿਕਾਂ ਦੀ ਗਿਣਤੀ ਵਿਚ 38.48 ਫ਼ੀ ਸਦੀ ਦਾ ਵਾਧਾ, ਇਸਲਾਮ ਵਿਚ 24.61 ਫ਼ੀ ਸਦੀ ਦਾ ਵਾਧਾ ਅਤੇ ਇਸੀ ਤਰ੍ਹਾਂ ਕਈ ਹੋਰ ਧਰਮ ਜਿਥੇ ਵਧੇ ਹਨ ਉਥੇ ਕਈ ਧਰਮ ਘਟੇ ਵੀ ਹਨ।