ਸਾਨੂੰ ਅਜੇ ਤਕ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਹੈ : ਭਾਰਤ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਭਰੋਸੇਯੋਗ ਇਲਜ਼ਾਮਾਂ’ ਦੇ ਸਬੂਤ ਭਾਰਤ ਨਾਲ ਕਈ ਹਫ਼ਤੇ ਪਹਿਲਾਂ ਸਾਂਝੇ ਕੀਤੇ ਸਨ ਅਤੇ ਕੈਨੇਡਾ ਚਾਹੁੰਦਾ ਹੈ ਕਿ ਨਵੀਂ ਦਿੱਲੀ ਇਸ ਗੰਭੀਰ ਮਸਲੇ ’ਤੇ ਤੱਥਾਂ ਦੀ ਤਹਿ ਤਕ ਜਾਣ ਲਈ ਓਟਾਵਾ ਨਾਲ ‘ਪ੍ਰਤੀਬੱਧਤਾ ਨਾਲ ਕੰਮ ਕਰੇ’। ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ’ਚ 18 ਜੂਨ ਨੂੰ ਵੱਖਵਾਦੀ ਆਗੂ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦਾ ਦੋਸ਼ ਲਾਇਆ ਹੈ ਜਿਸ ਨਾਲ ਕੈਨੇਡਾ ਅਤੇ ਭਾਰਤ ਵਿਚਕਾਰ ਕੂਟਨੀਤਕ ਵਿਵਾਦ ਸ਼ੁਰੂ ਹੋ ਗਿਆ ਹੈ।
ਭਾਰਤ ਨੇ 2020 ’ਚ ਨਿੱਝਰ ਨੂੰ ਅਤਿਵਾਦੀ ਐਲਾਨ ਕੀਤਾ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਪ੍ਰੇਰਿਤ’ ਕਹਿ ਕੇ ਹਮਲਾਵਰ ਰੂਪ ’ਚ ਖ਼ਾਰਜ ਕਰ ਦਿਤਾ ਅਤੇ ਇਸ ਮਾਮਲੇ ’ਚ ਕੈਨੇਡਾ ਵਲੋਂ ਇਕ ਭਾਰਤੀ ਅਧਿਕਾਰੀ ਨੂੰ ਕੱਢ ਦਿਤੇ ਜਾਣ ਬਦਲੇ ਇਕ ਸੀਨੀਅਰ ਕੈਨੇਡੀਆਈ ਸਫ਼ੀਰ ਨੂੰ ਕੱਢ ਦਿਤਾ ਸੀ।
ਟਰੂਡੋ ਨੇ ਕੈਨੇਡਾ ਦੀ ਯਾਤਰਾ ’ਤੇ ਆਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਦੇ ਨਾਲ ਇਕ ਪੱਤਰਕਾਰ ਸੰਮੇਲਨ ’ਚ ਸ਼ੁਕਰਵਾਰ ਨੂੰ ਕਿਹਾ, ‘‘ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਈ ਹਫ਼ਤੇ ਪਹਿਲਾਂ ਉਨ੍ਹਾਂ ਦੋਸ਼ਾਂ, ਉਨ੍ਹਾਂ ਭਰੋਸੇਯੋਗ ਦੋਸ਼ਾਂ ਨੂੰ ਭਾਰਤ ਨਾਲ ਸਾਂਝਾ ਕੀਤਾ ਸੀ। ਅਸੀਂ ਅਪਣੇ ਸਾਂਝੇਦਾਰਾਂ ਨਾਲ ਕੰਮ ਕਰ ਰਹੇ ਹਾਂ।’’
ਉਨ੍ਹਾਂ ਇਕ ਸਵਾਲ ਕੀਤਾ, ‘‘ਅਤੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਇਸ ਸਥਿਤੀ ’ਤੇ ਤੱਥਾਂ ਦੀ ਤਹਿ ਤਕ ਜਾਣ ਲਈ ਕੈਨੇਡਾ ਨਾਲ ਪ੍ਰਤੀਬੱਧਤਾ ਨਾਲ ਕੰਮ ਕਰੀਏ। ਅਸੀਂ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਹਾਂ ਅਤੇ ਅਸੀਂ ਕਈ ਹਫ਼ਤਿਆਂ ਤੋਂ ਕੰਮ ਕਰ ਰਹੇ ਹਾਂ।’’ ਟਰੂਡੋ ਨੇ ਕਿਹਾ, ‘‘ਕੈਨੇਡਾ ਨੇ ਭਰੋਸੇਯੋਗ ਦੋਸ਼ਾਂ ਨੂੰ ਭਾਰਤ ਨਾਲ ਸਾਂਝਾ ਕੀਤਾ ਹੈ ਜਿਨ੍ਹਾਂ ਬਾਰੇ ਮੈਂ ਸੋਮਵਾਰ ਨੂੰ ਗੱਲ ਕੀਤੀ ਸੀ। ਅਸੀਂ ਕਈ ਹਫ਼ਤੇ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ... ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੇ ਨਾਲ ਗੱਲਬਾਤ ਕਰਨਗੇ ਤਾਕਿ ਅਸੀਂ ਇਸ ਬੇਹੱਦ ਗੰਭੀਰ ਮਾਮਲੇ ਦੀ ਤਹਿ ਤਕ ਜਾ ਸਕੀਏ।’’ ਭਾਰਤ ਨੇ ਵੀਰਵਾਰ ਨੂੰ ਕੈਨੇਡਾ ਨੂੰ ਅਪਣੇ ਦੇਸ਼ ਤੋਂ ਸੰਚਾਲਿਤ ਅਤਿਵਾਦੀਆਂ ਅਤੇ ਭਾਰਤ ਵਿਰੋਧੀ ਤੱਤਾਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਸੀ ਅਤੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿਤੀਆਂ ਸਨ।
ਇਹ ਪੁੱਛੇ ਜਾਣ ’ਤੇ ਕਿ ਕੀ ਕੈਨੇਡਾ ਨੇ ਇਸ ਮਾਮਲੇ ’ਤੇ ਭਾਰਤ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਹੈ, ਨਵੀਂ ਦਿੱਲੀ ’ਚ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਕੈਨੇਡਾ ਨੇ ਇਸ ਮਾਮਲੇ ’ਤੇ ਉਸ ਸਮੇਂ ਜਾਂ ਪਹਿਲਾਂ ਜਾਂ ਬਾਅਦ ਵਿਚ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ। ਤੁਸੀਂ ਜਾਣਦੇ ਹੋ, ਜਿਵੇਂ ਅਸੀਂ ਕਿਹਾ ਹੈ ਜਾਂ ਮੈਨੂੰ ਲਗਦਾ ਹੈ ਕਿ ਅਸੀਂ ਸਪੱਸ਼ਟ ਕਰ ਦਿਤਾ ਹੈ, ਅਸੀਂ ਕਿਸੇ ਖਾਸ ਜਾਣਕਾਰੀ ’ਤੇ ਵਿਚਾਰ ਕਰਨ ਲਈ ਤਿਆਰ ਹਾਂ।’’
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਨਵੀਂ ਦਿੱਲੀ ਵਿਚ ਕਿਹਾ, ‘‘ਅਸੀਂ ਇਸ ਬਾਰੇ ਕੈਨੇਡੀਅਨ ਪੱਖ ਨੂੰ ਜਾਣੂ ਕਰਵਾ ਦਿਤਾ ਹੈ ਅਤੇ ਉਨ੍ਹਾਂ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਅਸੀਂ ਸਾਨੂੰ ਪ੍ਰਦਾਨ ਕੀਤੀ ਗਈ ਕਿਸੇ ਵੀ ਵਿਸ਼ੇਸ਼ ਜਾਣਕਾਰੀ ਦੀ ਜਾਂਚ ਕਰਨ ਲਈ ਤਿਆਰ ਹਾਂ। ਪਰ ਸਾਨੂੰ ਅਜੇ ਤਕ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਹੈ।’’ ਭਾਰਤ ਨੇ ਇਹ ਵੀ ਕਿਹਾ ਕਿ ਉਸ ਕੋਲ ਕੈਨੇਡੀਅਨ ਧਰਤੀ ਤੋਂ ਕੁਝ ਲੋਕਾਂ ਵਲੋਂ ਕੀਤੀਆਂ ਗਈਆਂ ਅਪਰਾਧਕ ਗਤੀਵਿਧੀਆਂ ਦੇ ‘ਠੋਸ ਸਬੂਤ’ ਹਨ ਅਤੇ ਇਸ ਨੂੰ ਨਿਯਮਤ ਤੌਰ ’ਤੇ ਕੈਨੇਡੀਅਨ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਸੀ ਪਰ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।