
ਗੈਰ-ਕਾਨੂੰਨੀ ਤਰੀਕੇ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਹੋਰ ਦੇਸ਼ਾਂ ਵਿਚੋਂ ਲੰਘਦੇ ਹੋਏ ਅਮਰੀਕਾ ਪੁੱਜੇ 929 ਭਾਰਤੀਆਂ ਨੂੰ ਸਾਲ 2014 ਤੋਂ ਇਸ ਸਾਲ ..
ਅਮਰੀਕਾ- ਗੈਰ-ਕਾਨੂੰਨੀ ਤਰੀਕੇ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਹੋਰ ਦੇਸ਼ਾਂ ਵਿਚੋਂ ਲੰਘਦੇ ਹੋਏ ਅਮਰੀਕਾ ਪੁੱਜੇ 929 ਭਾਰਤੀਆਂ ਨੂੰ ਸਾਲ 2014 ਤੋਂ ਇਸ ਸਾਲ ਜੁਲਾਈ ਮਹੀਨੇ ਤਕ ਵਾਪਸ ਭੇਜਿਆ ਹੈ। ਇਨ੍ਹਾਂ 'ਚ 42 ਔਰਤਾਂ ਵੀ ਸ਼ਾਮਿਲ ਹਨ। ਇਹ ਜਾਣਕਾਰੀ ਨੋਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਅਮਰੀਕੀ ਇੰਮੀਗ੍ਰੇਸ਼ਨ ਵਿਭਾਗ ਤੋਂ ਹਾਸਿਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਅਮਰੀਕਾ ਨੇ ਬੀਤੇ ਨਵੰਬਰ ਮਹੀਨੇ 'ਚ ਗੈਰ-ਕਾਨੂੰਨ ਤੌਰ 'ਤੇ ਰਹਿ ਰਹੇ 150 ਭਾਰਤੀ ਲੋਕਾਂ ਨੂੰ ਵਾਪਸ ਭੇਜਿਆ ਸੀ। ਇਸ ਤੋਂ ਪਹਿਲਾਂ 23 ਅਕਤੂਬਰ ਨੂੰ ਅਮਰੀਕਾ ਨੇ 117 ਭਾਰਤੀਆਂ ਨੂੰ ਵਾਪਸ ਭੇਜਿਆ ਸੀ। ਜਾਣਕਾਰੀ ਮੁਤਾਬਕ ਅਮਰੀਕੀ ਇੰਮੀਗ੍ਰੇਸ਼ਨ ਵਿਭਾਗ ਨੇ ਸਾਲ 2014 'ਚ 87 ਭਾਰਤੀਆਂ ਨੂੰ ਵਾਪਸ ਭੇਜਿਆ ਸੀ।
ਇਨ੍ਹਾਂ 'ਚ 6 ਔਰਤਾਂ ਸ਼ਾਮਿਲ ਸਨ। ਸਾਲ 2015 'ਚ 202 ਮਰਦਾਂ ਅਤੇ 22 ਔਰਤਾਂ ਨੂੰ ਵਾਪਸ ਭਾਰਤ ਭੇਜਿਆ ਸੀ। ਸਾਲ 2016 'ਚ 102 ਮਰਦਾਂ ਅਤੇ 1 ਔਰਤ, ਸਾਲ 2017 'ਚ 343 ਮਰਦਾਂ ਅਤੇ 15 ਔਰਤਾਂ ਅਤੇ ਸਾਲ 2018 'ਚ 232 ਮਰਦਾਂ ਅਤੇ 18 ਔਰਤਾਂ ਨੂੰ ਵਾਪਸ ਭੇਜਿਆ ਸੀ। ਚਾਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਇਸ ਬਾਰੇ ਕੋਈ ਰਿਕਾਰਡ ਨਹੀਂ ਮਿਲਿਆ ਹੈ ਕਿ ਵਾਪਸ ਭੇਜੇ ਗਏ ਲੋਕਾਂ 'ਚ ਪੰਜਾਬ ਦੇ ਕਿੰਨੇ ਲੋਕ ਹਨ
ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਹਨ। ਉਨ੍ਹਾਂ ਦੱਸਿਆ ਕਿ ਵਾਪਸ ਭੇਜੇ ਗਏ ਭਾਰਤੀ ਪਿਛਲੇ ਦੋ-ਤਿੰਨ ਸਾਲਾਂ 'ਚ ਕੌਮਾਂਤਰੀ ਦਲਾਲਾਂ ਦੀ ਮਦਦ ਨਾਲ ਮੈਕਸੀਕੋ ਸਰਹੱਦ ਤੋਂ ਅਮਰੀਕਾ 'ਚ ਦਾਖਲ ਹੋਏ ਸਨ। ਕੁਝ ਲੋਕਾਂ ਨੂੰ ਐਰੀਜ਼ੋਨਾ, ਟੈਕਸਾਸ ਅਤੇ ਕੁੱਝ ਨੂੰ ਮੈਕਸੀਕੋ ਸਰਹੱਦ ਦੇ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਆਉਣ ਵਾਲੇ ਹਰੇਕ ਭਾਰਤੀ ਕੋਲੋਂ ਇਹ ਏਜੰਟ 10 ਤੋਂ 25 ਲੱਖ ਰੁਪਏ ਲੈਂਦੇ ਹਨ।