ਅਮਰੀਕੀ ਖਜ਼ਾਨਾ ਸਕੱਤਰ ਸਕਾਟਅ ਬੇਸੈਂਟ ਨੇ ਦਿਤਾ ਸੰਕੇਤ
ਵਾਸ਼ਿੰਗਟਨ: ਅਮਰੀਕਾ ਦੇ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਸੰਕੇਤ ਦਿਤਾ ਹੈ ਕਿ ਭਾਰਤ ਵਲੋਂ ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ਘੱਟ ਕਰਨ ਦੇ ਨਤੀਜੇ ਵਜੋਂ ਭਾਰਤੀ ਵਸਤਾਂ ਦੇ ਅਮਰੀਕਾ ’ਚ ਆਯਾਤ ਉਤੇ ਲਗਾਇਆ ਗਿਆ 25% ਵਾਧੂ ਟੈਰਿਫ਼ ਹਟਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕਾ ਸਰਕਾਰ ਦੀ ਗੱਲ ਮਨਵਾਉਣ ਲਈ ਸ਼ੁਰੂ ਕੀਤੇ ਟੈਰਿਫ਼ ਸਿਸਟਮ ਨੂੰ ‘ਵੱਡੀ ਸਫ਼ਲਤਾ’ ਕਰਾਰ ਦਿੰਦਿਆਂ ਮੀਡੀਆ ਨਾਲ ਇਕ ਗੱਲਬਾਤ ਕਿਹਾ, ‘‘ਭਾਰਤ ਵਲੋਂ ਅਪਣੀਆਂ ਰਿਫ਼ਾਇਨਰੀਆਂ ਲਈ ਕੱਚੇ ਤੇਲ ਦੀ ਖ਼ਰੀਦ ਬਹੁਤ ਘੱਟ ਗਈ ਹੈ। ਇਸ ਲਈ ਇਹ ਵੱਡੀ ਸਫ਼ਲਤਾ ਹੈ। ਟੈਰਿਫ਼ ਅਜੇ ਵੀ ਹਨ, ਰੂਸੀ ਤੇਲ ਦੀ ਖ਼ਰੀਦ ਲਈ 25% ਟੈਰਿਫ਼ ਅਜੇ ਵੀ ਲਗਾਏ ਜਾ ਰਹੇ ਹਨ। ਪਰ ਹੁਣ ਮੈਨੂੰ ਲਗਦਾ ਹੈ ਕਿ ਇਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।’’
ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਸੌਦੇ ਨੂੰ ਲੈ ਕੇ ਗੱਲਬਾਤ ’ਚ ਕਿਹਾ ਕਿ ਜੇਕਰ ਹਾਲਾਤ ਅਨੁਕੂਲ ਰਹੇ ਅਤੇ ਗੱਲਬਾਤ ਅੱਗੇ ਵਧੀ ਤਾਂ ਅਮਰੀਕਾ ਭਾਰਤ ਨੂੰ ਟੈਰਿਫ਼ ’ਚ ਰਾਹਤ ਦੇ ਸਕਦਾ ਹੈ।ਪਿਛਲੇ ਸਾਲ ਅਗਸਤ ’ਚ ਅਮਰੀਕਾ ਨੇ ਭਾਰਤ ਉਤੇ ਲਗਾਏ ਮੂਲ ਟੈਰਿਫ਼ ਉਤੇ 25% ਦਾ ਜੁਰਮਾਨਾ ਟੈਰਿਫ਼ ਲਗਾ ਦਿਤਾ ਸੀ ਜਿਸ ਕਾਰਨ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਅਮਰੀਕੀ ਟੈਰਿਫ਼ ਵਾਲਾ ਦੇਸ਼ ਬਣ ਗਿਆ ਸੀ।
ਟਰੰਪ ਪ੍ਰਸ਼ਾਸਨ ਦਾ ਦੋਸ਼ ਹੈ ਕਿ ਭਾਰਤ ਵਲੋਂ ਰੂਸ ਤੋਂ ਕੱਚਾ ਤੇਲ ਖ਼ਰੀਦਣ ਕਾਰਨ ਮਾਸਕੋ ਕੋਲ ਯੂਕਰੇਨ ਵਿਰੁਧ ਜੰਗ ਜਾਰੀ ਰੱਖਣ ਲਈ ਪੈਸਾ ਆ ਰਿਹਾ ਹੈ। ਹਾਲਾਂਕਿ ਭਾਰਤ ਨੇ ਅਪਣੀ ਸਥਿਤੀ ਦਾ ਬਚਾਅ ਕਰਦਿਆਂ ਕਿਹਾ ਕਿ ਊਰਜਾ ਦੇ ਸਰੋਤਾਂ ਬਾਰੇ ਫ਼ੈਸਲਾ ਆਲਮੀ ਬਾਜ਼ਾਰ ਦੇ ਹਾਲਾਤ ਅਤੇ ਦੇਸ਼ ਦੇ ਲੋਕਾਂ ਲਈ ਪਟਰੌਲ-ਡੀਜ਼ਲ ਸਸਤੇ ਰੱਖਣ ਨੂੰ ਵੇਖ ਕੇ ਹੁੰਦਾ ਹੈ।
