
ਚੀਨ 'ਚ ਇਕ ਔਰਤ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਇਹ ਸੱਪ ਉਸ ਨੇ ਖ਼ੁਦ ਇਕ ਆਨਲਾਈਨ ਸ਼ਾਪਿੰਗ ਪੋਰਟਲ ਤੋਂ ਆਰਡਰ ਕਰ ਕੇ ਮੰਗਾਇਆ ਸੀ...........
ਬੀਜਿੰਗ: ਚੀਨ 'ਚ ਇਕ ਔਰਤ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਇਹ ਸੱਪ ਉਸ ਨੇ ਖ਼ੁਦ ਇਕ ਆਨਲਾਈਨ ਸ਼ਾਪਿੰਗ ਪੋਰਟਲ ਤੋਂ ਆਰਡਰ ਕਰ ਕੇ ਮੰਗਾਇਆ ਸੀ। ਉਹ ਇਸ ਜ਼ਹਿਰੀਲੇ ਸੱਪ ਨਾਲ ਰਵਾਇਤੀ 'ਸਨੇਕ ਵਾਈਨ' ਬਨਾਉਣਾ ਚਾਹੁੰਦੀ ਸੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ 'ਸਿੰਹੁਆ' ਦੀ ਰੀਪੋਰਟ ਮੁਤਾਬਕ 'ਮੈਨੀ ਬ੍ਰੇਨਡੀਡ ਕ੍ਰੇਟ' ਸੱਪ ਦੇ ਕੱਟੇ ਜਾਣ ਤੋਂ 8 ਦਿਨ ਬਾਅਦ 21 ਸਾਲਾ ਔਰਤ ਦੀ ਮੌਤ ਹੋ ਗਈ। ਮੈਨੀ ਬ੍ਰੇਨਡੀਡ ਕ੍ਰੇਟ ਸੱਪ ਬਹੁਤ ਜ਼ਹਿਰੀਲਾ ਹੁੰਦਾ ਹੈ, ਜੋ ਕਿ ਚੀਨ ਦੇ ਮੱਧ ਅਤੇ ਦਖਣੀ ਏਸ਼ੀਆਈ ਇਲਾਕੇ 'ਚ ਪਾਇਆ ਜਾਂਦਾ ਹੈ। ਔਰਤ ਨੇ ਚੀਨੀ ਵੈਬਸਾਈਟ 'ਤੇ ਗੁਆਂਗਡੋਂਗ ਦੇ ਦਖਣੀ ਸੂਬੇ ਦੇ ਇਕ ਵਿਕਰੇਤਾ ਤੋਂ ਇਹ ਸੱਪ ਖ਼ਰੀਦਿਆ ਸੀ।
ਇਸ ਸੱਪ ਦੀ ਡਿਲੀਵਰੀ ਇਕ ਸਥਾਨਕ ਕੋਰੀਅਰ ਕੰਪਨੀ ਨੇ ਕੀਤੀ। ਕੰਪਨੀ ਨੇ ਨਿਊਜ਼ ਏਜੰਸੀ ਨੂੰ ਦਸਿਆ ਕਿ ਉਸ ਨੂੰ ਪਤਾ ਨਹੀਂ ਸੀ ਕਿ ਬਕਸੇ ਵਿਚ ਕੀ ਹੈ। ਇਕ ਅਨੁਮਾਨ ਮੁਤਾਬਕ ਜਦੋਂ ਔਰਤ ਨੇ ਸੱਪ ਨੂੰ ਬਕਸੇ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਉਸ ਸਮੇਂ ਹੀ ਸੱਪ ਨੇ ਉਸ ਨੂੰ ਡੰਗਿਆ ਹੋਵੇਗਾ। ਮੀਡੀਆ ਰੀਪੋਰਟਾਂ ਮੁਤਾਬਕ ਡੰਗਣ ਮਗਰੋਂ ਸੱਪ ਘਰੋਂ ਬਾਹਰ ਚਲਾ ਗਿਆ ਸੀ, ਪਰ ਸਥਾਨਕ ਜੰਗਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੱਪ ਔਰਤ ਦੇ ਘਰ ਅੰਦਰ ਹੀ ਪਾਇਆ ਗਿਆ। ਜ਼ਿਕਰਯੋਗ ਹੈ ਕਿ ਜੀਵ-ਜੰਤੂਆਂ ਦੀ ਖ਼ਰੀਦ-ਵੇਚ ਆਨਲਾਈਨ ਪਲੇਟਫ਼ਾਰਮ 'ਤੇ ਪਾਬੰਦੀ ਹੈ। (ਪੀਟੀਆਈ)