
ਹਵਾ 'ਚ ਘੁਲ ਚੁੱਕੇ ਪ੍ਰਦੂਸ਼ਣ ਨਾਲ ਕਿਸੇ ਭਾਰਤੀ ਦੀ ਉਮਰ ਡੇਢ ਸਾਲ ਤਕ ਘੱਟ ਹੁੰਦੀ ਹੈ............
ਹਿਊਸਟਨ : ਹਵਾ 'ਚ ਘੁਲ ਚੁੱਕੇ ਪ੍ਰਦੂਸ਼ਣ ਨਾਲ ਕਿਸੇ ਭਾਰਤੀ ਦੀ ਉਮਰ ਡੇਢ ਸਾਲ ਤਕ ਘੱਟ ਹੁੰਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਹਵਾ ਦੇ ਬਿਹਤਰ ਮਿਆਰ ਨਾਲ ਦੁਨੀਆਂ ਭਰ 'ਚ ਮਨੁੱਖਾਂ ਦੀ ਉਮਰ ਵੱਧ ਸਕਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਹਵਾ ਪ੍ਰਦੂਸ਼ਣ ਅਤੇ ਉਮਰ ਉਤੇ ਅਧਾਰਤ ਅੰਕੜਿਆਂ ਦਾ ਇਕੱਠਾ ਅਧਿਐਨ ਕੀਤਾ ਗਿਆ ਹੈ ਤਾਕਿ ਪਤਾ ਕੀਤਾ ਜਾ ਸਕੇ ਕਿ ਇਸ 'ਚ ਕੌਮਾਂਤਰੀ ਫ਼ਰਕ ਕਿਸ ਤਰ੍ਹਾਂ ਜ਼ਿੰਦਗੀ 'ਤੇ ਅਸਰ ਪਾਉਂਦਾ ਹੈ। ਅਮਰੀਕਾ ਦੇ ਆਸਟਿਨ 'ਚ ਟੈਕਸਾਸ ਯੂਨੀਵਰਸਟੀ ਦੇ ਸੋਧਕਰਤਾਵਾਂ ਨੇ ਵਾਯੂਮੰਡਲ 'ਚ ਪਾਏ ਜਾਣ ਵਾਲੇ 2.5 ਮਾਈਕ੍ਰੋਨ ਤੋਂ ਛੋਟੇ ਕਣ ਨਾਲ ਹਵਾ ਪ੍ਰਦੂਸ਼ਣ ਦਾ ਅਧਿਐਨ ਕੀਤਾ।
ਇਹ ਸੂਖਮ ਕਣ ਫੇਫੜਿਆਂ 'ਚ ਦਾਖ਼ਲ ਹੋ ਸਕਦੇ ਹਨ ਅਤੇ ਇਸ ਨਾਲ ਦਿਲ ਦਾ ਦੌਰਾ ਪੈਣ, ਸਟਰੋਕਸ, ਸਾਹ ਸਬੰਧੀ ਬਿਮਾਰੀਆਂ ਅਤੇ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਪੀ.ਐਮ. 2.5 ਪ੍ਰਦੂਸ਼ਣ ਬਿਜਲੀ ਪਲਾਂਟਾਂ, ਕਾਰਾਂ ਅਤੇ ਟਰੱਕਾਂ, ਅੱਗ, ਖੇਤੀ ਅਤੇ ਉਦਯੋਗਿਕ ਧੂੰਏਂ ਤੋਂ ਹੁੰਦਾ ਹੈ। ਵਿਗਿਆਨਿਕਾਂ ਨੇ ਵੇਖਿਆ ਕਿ ਇਸ ਨਾਲ ਪ੍ਰਦੂਸ਼ਿਤ ਦੇਸ਼ਾਂ ਜਿਵੇਂ ਬੰਗਲਾਦੇਸ਼ 'ਚ 1.87 ਸਾਲ, ਮਿਸਰ 'ਚ 1.85, ਪਾਕਿਸਤਾਨ 'ਚ 1.56, ਸਾਊਦੀ ਅਰਬ 'ਚ 1.48, ਨਾਈਜੀਰੀਆ 'ਚ 1.28 ਅਤੇ ਚੀਨ 'ਚ 1.25 ਸਾਲ ਤਕ ਉਮਰ ਘੱਟ ਹੁੰਦੀ ਹੈ। ਅਧਿਐਨ ਅਨੁਸਾਰ ਹਵਾ ਪ੍ਰਦੂਸ਼ਣ ਨਾਲ ਭਾਰਤ 'ਚ ਵਿਅਕਤੀ ਦੀ ਔਸਤ ਉਮਰ 1.53 ਸਾਲ ਤਕ ਘੱਟ ਹੁੰਦੀ ਹੈ। (ਪੀਟੀਆਈ)