
ਧਾਰਾ 370 ਹਟਾਉਣ 'ਚ 70 ਸਾਲ ਲੱਗ ਗਏ
ਪੈਰਿਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦਾ ਜ਼ਬਰਦਸਤ ਫ਼ਤਵਾ ਸਿਰਫ਼ ਇਕ ਸਰਕਾਰ ਨੂੰ ਨਹੀਂ ਸਗੋਂ ਅਜਿਹੇ 'ਨਿਊ ਇੰਡੀਆ' ਦੇ ਨਿਰਮਾਣ ਲਈ ਹੈ ਜਿਹੜਾ ਕਾਰੋਬਾਰ ਦੀ ਸੌਖ ਤੋਂ ਇਲਾਵਾ ਬਿਹਤਰ ਜੀਵਨ ਸ਼ੈਲੀ 'ਤੇ ਕੇਂਦਰਤ ਹੋਵੇ। ਪ੍ਰਧਾਨ ਮੰਤਰੀ ਮੋਦੀ ਨੇ ਫ਼ਰਾਂਸ ਵਿਚ 1950 ਅਤੇ 1960 ਦੇ ਦਹਾਕੇ ਵਿਚ ਏਅਰ ਇੰਡੀਆ ਦੇ ਦੋ ਜਹਾਜ਼ ਹਾਦਸਿਆਂ ਵਿਚ ਮਾਰੇ ਗਏ ਲੋਕਾਂ ਦੇ ਸਤਿਕਾਰ ਵਿਚ ਯਾਦਗਾਰ ਦਾ ਉਦਘਾਟਨ ਕਰਨ ਮਗਰੋਂ ਯੂਨੈਸਕੋ ਦੇ ਮੁੱਖ ਦਫ਼ਤਰ ਵਿਚ ਭਾਰਤੀਆਂ ਦੇ ਇਕੱਠ ਨੂੰ ਸੰਬੋਧਤ ਕਰਦਿਆਂ ਇਹ ਗੱਲ ਕਹੀ।
ਉਨ੍ਹਾਂ ਕਿਹਾ ਕਿ ਨਿਊ ਇੰਡੀਆ ਵਿਚ ਭ੍ਰਿਸ਼ਟਾਚਾਰ, ਪਰਵਾਰਵਾਦ, ਲੋਕਾਂ ਦੇ ਪੈਸੇ ਦੀ ਲੁੱਟ, ਅਤਿਵਾਦ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਵਿਸ਼ੇਸ਼ ਰਾਜ ਦੇ ਦਰਜੇ ਦੇ ਖ਼ਾਤਮੇ ਬਾਰੇ ਉਨ੍ਹਾਂ ਕਿਹਾ, 'ਭਾਰਤ ਵਿਚ ਅਸਥਾਈ ਚੀਜ਼ਾਂ ਲਈ ਕੋਈ ਥਾਂ ਨਹੀਂ। ਤੁਸੀਂ ਵੇਖਿਆ ਹੋਵੇਗਾ ਕਿ 1.25 ਅਰਬ ਲੋਕਾਂ ਦੇ ਦੇਸ਼, ਮਹਾਤਮਾ ਗਾਂਧੀ, ਗੌਤਮ ਬੁੱਧ, ਰਾਮ ਕ੍ਰਿਸ਼ਨ ਦੀ ਧਰਤੀ ਵਿਚ, ਉਸ ਨੂੰ ਹਟਾਉਣ ਲਈ 70 ਸਾਲ ਲੱਗ ਗਏ।' ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਵਿਚ ਫ਼ਰਾਂਸ ਪੁੱਜੇ ਮੋਦੀ ਨੇ ਕਿਹਾ ਕਿ ਭਾਰਤ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਤਿੰਨ ਤਲਾਕ ਬਾਰੇ ਉਨ੍ਹਾਂ ਕਿਹਾ, 'ਅਸੀਂ ਤਿੰਨ ਤਲਾਕ ਦੀ ਰਵਾਇਤ ਨੂੰ ਖ਼ਤਮ ਕੀਤਾ, ਨਵੇਂ ਭਾਰਤ ਵਿਚ ਮੁਸਲਿਮ ਔਰਤਾਂ ਨਾਲ ਬੇਇਨਸਾਫ਼ੀ ਨਹੀਂ ਕੀਤੀ ਜਾ ਸਕਦੀ।' ਉਨ੍ਹਾਂ ਕਿਹਾ ਕਿ ਭਾਰਤ ਜਲਵਾਯੂ ਤਬਦੀਲੀ ਦੇ 2030 ਤਕ ਦੇ ਬਹੁਤੇ ਟੀਚਿਆਂ ਨੂੰ ਅਗਲੇ ਡੇਢ ਸਾਲਾਂ 'ਚ ਹਾਸਲ ਕਰ ਲਵੇਗਾ। ਮੋਦੀ ਨੇ ਕਿਹਾ ਕਿ ਭਾਰਤ 2025 ਵਿਚ ਟੀਬੀ ਤੋਂ ਮੁਕਤ ਹੋ ਜਾਵੇਗਾ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।