
ਅਮਰੀਕਾ ਦੇ ਕਾਲਜਾਂ ਵਿਚ ਇਤਿਹਾਸ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਵਾਧਾ ਹਾਲਾਂਕਿ ਬਹੁਤ ਜ਼ਿਆਦਾ ਨਹੀਂ ਹੈ....
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਕਾਲਜਾਂ ਵਿਚ ਇਤਿਹਾਸ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਵਾਧਾ ਹਾਲਾਂਕਿ ਬਹੁਤ ਜ਼ਿਆਦਾ ਨਹੀਂ ਹੈ, ਪਰ ਇਸ ਨੂੰ ਘੱਟ ਵੀ ਨਹੀਂ ਮੰਨਿਆ ਜਾ ਸਕਦਾ, ਕਿਉਂਕਿ 2011 ਤੱਕ ਇਤਿਹਾਸ ਵਿਚ ਬੀਏ ਕਰਨ ਵਾਲਿਆਂ ਦੀ ਗਿਣਤੀ ਸਾਲ ਦਰ ਸਾਲ ਘਟਦੀ ਰਹੀ ਸੀ। ਗ੍ਰੈਜੂਏਟ ਪੱਧਰ 'ਤੇ ਕਿਸੇ ਵਿਸ਼ੇ ਵਿਚ ਵਿਦਿਆਰਥੀਆਂ ਦੀ ਸਭ ਤੋਂ ਜ਼ਿਆਦਾ ਕਮੀ ਇਤਿਹਾਸ ਵਿਚ ਹੀ ਆਈ ਸੀ। ਇਸ ਬਾਰੇ ਕਈ ਵਿਸ਼ਲੇਸ਼ਕਾਂ ਦਾ ਕਹਿਣਾ ਸੀ ਕਿ ਇਸ ਦਾ ਮੁੱਖ ਕਾਰਨ ਇਤਿਹਾਸ ਦੀ ਡਿਗਰੀ ਦੀ ਜੀਵਿਕਾ ਕਮਾਉਣ ਦੀ ਸਮਰਥਾ 'ਤੇ ਸ਼ੱਕ ਹੋਣਾ ਰਿਹਾ ਹੈ।
ਪਰ ਇਹ ਸਹੀ ਨਹੀਂ ਸੀ, ਕਿਉਂਕਿ ਇਤਿਹਾਸ ਵਿਚ ਪੜ੍ਹਨ ਵਾਲੇ ਲੋਕ ਕਈਂ ਖੇਤਰਾਂ ਵਿਚ ਚੰਗੀ ਕਮਾਈ ਕਰ ਰਹੇ ਸਨ। ਇੰਨਾ ਹੀ ਨਹੀਂ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਇਤਿਹਾਸ ਵਿਚ ਪੀਐਚਡੀ ਕਰਨ ਵਾਲਿਆਂ ਦੀ ਗਿਣਤੀ ਵਿਚ 30 ਸਾਲਾਂ ਤੋਂ ਵਾਧਾ ਹੋ ਰਿਹਾ ਹੈ। ਅੱਜ ਯੇਲ ਯੂਨੀਵਰਸਿਟੀ ਵਿਚ ਇਤਿਹਾਸ ਦੇ ਸਭ ਤੋਂ ਜ਼ਿਆਦਾ ਵਿਦਿਆਰਥੀ ਹਨ। ਯੇਲ ਦੇ ਇਤਿਹਾਸ ਵਿਭਾਗ ਨੇ ਜਦ ਵਿਦਿਆਰਥੀਆਂ ਦੀ ਘਟਦੀ ਦਿਲਚਸਪੀ ਨੂੰ ਨੋਟਿਸ ਕੀਤਾ ਤਾਂ ਉਨ੍ਹਾਂ ਨੇ ਵਿਦਿਆਰਥੀਆਂ ‘ਚ ਸਰਵੇ ਕੀਤਾ।
ਜਿਸ ਵਿਚ ਦੇਖਿਆ ਗਿਆ ਕਿ ਉਹ ਅਪਣੀ ਡਿਗਰੀ ਤੋਂ ਇੱਕ ਤਾਂ ਦਿਸ਼ਾ ਚਾਹੁੰਦੇ ਹਨ ਅਤੇ ਦੂਜਾ ਇਸ ਵਿਸ਼ੇ 'ਤੇ ਗੱਲ ਕਰਨ ਵਾਲੇ ਲੋਕ, ਇਸ ਲਈ ਅਧਿਆਪਕਾਂ ਨੇ ਬਰਾਊਨ ਬੈਗ ਲੰਚ ਦੀ ਸ਼ੁਰੂਆਤ ਕੀਤੀ ਜਿੱਥੇ ਤਾਜ਼ਾ ਮਾਮਲਿਆਂ 'ਤੇ ਇਤਿਹਾਸ ਦੇ ਨਜ਼ਰੀਏ ਨਾਲ ਚਰਚਾ ਕੀਤੀ ਜਾ ਸਕੇ। ਇਸ ਨਾਲ ਹਾਲਾਤ ਵਿਚ ਪਰਿਵਰਤਨ ਆਇਆ ਹੈ ਕਿਉਂਕਿ ਸਕੂਲ ਪੱਧਰ 'ਤੇ ਇਤਿਹਾਸ ਨੂੰ ਇਸ ਇਸ ਤਰ੍ਹਾਂ ਨਹੀਂ ਸਮਝਿਆ ਜਾ ਰਿਹਾ ਸੀ।