
ਕਿਊ.ਐਸ. ਰੈਂਕਿੰਗ ’ਚ ਭਾਰਤ ਦੇ ਤਿੰਨ ਆਈ.ਆਈ.ਐਮ., ਆਈ.ਐਸ.ਬੀ. ਵੀ ਸ਼ਾਮਲ
ਨਵੀਂ ਦਿੱਲੀ : ਤਿੰਨ ਭਾਰਤੀ ਮੈਨੇਜਮੈਂਟ ਸੰਸਥਾਨ (ਆਈ.ਆਈ.ਐਮ.) ਅਤੇ ਇੰਡੀਅਨ ਸਕੂਲ ਆਫ ਬਿਜ਼ਨਸ (ਆਈ.ਐਸ.ਬੀ.) (ਹੈਦਰਾਬਾਦ ਅਤੇ ਮੁਹਾਲੀ) ਨੂੰ ਬੁਧਵਾਰ ਨੂੰ ਐਲਾਨੀ ਗਈ ਕਿਊ.ਐਸ. ਰੈਂਕਿੰਗ ’ਚ ਐਮ.ਬੀ.ਏ. ਕੋਰਸਾਂ ਲਈ ਦੁਨੀਆ ਦੇ ਚੋਟੀ ਦੇ 100 ਸੰਸਥਾਨਾਂ ’ਚ ਸ਼ਾਮਲ ਕੀਤਾ ਗਿਆ ਹੈ।
ਤਿੰਨ ਆਈ.ਆਈ.ਐਮ. ਹਨ ਆਈ.ਆਈ.ਐਮ. ਬੰਗਲੌਰ (53ਵਾਂ ਰੈਂਕ), ਆਈ.ਆਈ.ਐਮ. ਅਹਿਮਦਾਬਾਦ (60ਵਾਂ ਰੈਂਕ) ਅਤੇ ਆਈ.ਆਈ.ਐਮ. ਕਲਕੱਤਾ (65ਵਾਂ ਰੈਂਕ)। ਇਸ ਦੇ ਨਾਲ ਹੀ ਤਿੰਨਾਂ ਮੈਨੇਜਮੈਂਟ ਸੰਸਥਾਵਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਚੋਟੀ ਦੇ 50 ’ਚ ਸ਼ਾਮਲ ਕੀਤਾ ਗਿਆ ਹੈ। 14 ਭਾਰਤੀ ਪੂਰੇ ਸਮੇਂ ਦੇ ਐਮ.ਬੀ.ਏ. ਪ੍ਰੋਗਰਾਮਾਂ ਨੇ ਤਿੰਨ ਨਵੇਂ ਸੰਸਥਾਨਾਂ ਦੇ ਸ਼ਾਮਲ ਹੋਣ ਨਾਲ 2025 ਲਈ ਕਿਊ.ਐਸ. ਦੀ ਆਲਮੀ ਸੂਚੀ ’ਚ ਥਾਂ ਬਣਾਈ ਹੈ। ਅਮਰੀਕਾ ਦੇ ਸਟੈਨਫੋਰਡ ਸਕੂਲ ਆਫ ਬਿਜ਼ਨਸ ਨੇ ਲਗਾਤਾਰ ਪੰਜਵੇਂ ਸਾਲ ਪ੍ਰਬੰਧਨ ਸਥਾਨਾਂ ’ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।
ਕਿਊ.ਐਸ. ਗਲੋਬਲ ਐਮ.ਬੀ.ਏ. ਅਤੇ ਬਿਜ਼ਨਸ ਮਾਸਟਰਜ਼ ਰੈਂਕਿੰਗ 2025 ਤਹਿਤ 58 ਦੇਸ਼ਾਂ ਅਤੇ ਖੇਤਰਾਂ ਦੇ 340 ਬਿਹਤਰੀਨ ਗਲੋਬਲ ਐਮ.ਬੀ.ਏ. ਕੋਰਸਾਂ ਅਤੇ ਮਾਸਟਰ ਡਿਗਰੀਆਂ ਦਾ ਵਿਸ਼ਲੇਸ਼ਣ ਕਰਦੀ ਹੈ। ਇਨ੍ਹਾਂ ’ਚ ਮੈਨੇਜਮੈਂਟ, ਫਾਈਨਾਂਸ, ਮਾਰਕੀਟਿੰਗ, ਬਿਜ਼ਨਸ ਐਨਾਲਿਟਿਕਸ ਅਤੇ ਸਪਲਾਈ ਚੇਨ ਮੈਨੇਜਮੈਂਟ ’ਚ ਮਾਸਟਰ ਡਿਗਰੀ ਸ਼ਾਮਲ ਹਨ।
ਕਿਊ.ਐਸ. ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜੈਸਿਕਾ ਟਰਨਰ ਨੇ ਕਿਹਾ, ‘‘ਇਹ ਰੈਂਕਿੰਗ ਗਲੋਬਲ ਬਿਜ਼ਨਸ ਐਜੂਕੇਸ਼ਨ ਲੈਂਡਸਕੇਪ ’ਚ ਕੈਰੀਅਰ-ਮੁਖੀ ਵਿਦਿਆਰਥੀਆਂ ਲਈ ਸੁਤੰਤਰ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ। ਵਿਸਤ੍ਰਿਤ ਤੁਲਨਾਤਮਕ ਵਿਸ਼ਲੇਸ਼ਣ ਪ੍ਰਦਾਨ ਕਰ ਕੇ, ਇਹ ਰੈਂਕਿੰਗ ਸੰਭਾਵਤ ਵਿਦਿਆਰਥੀਆਂ ਨੂੰ ਉਨ੍ਹਾਂ ਪ੍ਰੋਗਰਾਮਾਂ ਬਾਰੇ ਸੂਚਿਤ ਫੈਸਲੇ ਲੈਣ ’ਚ ਮਦਦ ਕਰਦੀ ਹੈ ਜੋ ਉਨ੍ਹਾਂ ਦੇ ਕੈਰੀਅਰ ਦੇ ਟੀਚਿਆਂ ਦੇ ਅਨੁਕੂਲ ਹਨ।’’ ਰੈਂਕਿੰਗ ’ਚ ਆਈ.ਆਈ.ਐਮ. ਕੋਝੀਕੋਡ ਨੇ 151-200 ਬੈਂਡ ’ਚ ਅਪਣੀ ਸ਼ੁਰੂਆਤ ਕੀਤੀ ਹੈ, ਜਦਕਿ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨਾਲੋਜੀ, ਗਾਜ਼ੀਆਬਾਦ ਅਤੇ ਸੋਮਿਆ ਵਿਦਿਆਵਿਹਾਰ ਯੂਨੀਵਰਸਿਟੀ 251 ਤੋਂ ਵੱਧ ਬੈਂਡ ’ਚ ਹਨ। (ਪੀਟੀਆਈ)