
ਟਰੂਡੋ ਮੁਤਾਬਕ ਇਹ ਦਿਹਾੜਾ ਉਹਨਾਂ ਮਹੱਤਵਪੂਰਨ ਯੋਗਦਾਨਾਂ ਨੂੰ ਪਛਾਨਣ ਦਾ ਵੀ ਇਕ ਮੌਕਾ ਹੈ ਜੋ ਸਿੱਖ ਕੈਨੇਡੀਅਨਾਂ ਨੇ ਕੈਨੇਡਾ ਦੀ ਉਸਾਰੀ ਲਈ ਕੀਤੇ ਹਨ
ਓਟਵਾ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 'ਬੰਦੀ ਛੋੜ ਦਿਵਸ' ਮੌਕੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਇੱਕ ਅਧਿਕਾਰਤ ਬਿਆਨ ਵਿੱਚ ਟਰੂਡੋ ਨੇ ਕਿਹਾ ਕਿ ਅੱਜ ਅਸੀਂ ਬੰਦੀ ਛੋੜ ਦਿਵਸ ਮਨਾਉਣ ਲਈ ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨਾਲ ਸ਼ਾਮਲ ਹਾਂ।
ਟਰੂਡੋ ਨੇ ਕਿਹਾ ਕਿ ਜਦੋਂ ਜੇਲ੍ਹ ਤੋਂ ਅਜ਼ਾਦ ਹੋਣ ਦਾ ਮੌਕਾ ਦਿੱਤਾ ਗਿਆ ਤਾਂ ਗੁਰੂ ਸਾਹਿਬਾਨ ਨੇ ਆਪਣੇ ਨਾਲ ਕੈਦ ਕੀਤੇ ਗਏ 52 ਨਿਰਦੋਸ਼ ਰਾਜਿਆਂ ਦੀ ਰਿਹਾਈ ਤੋਂ ਬਿਨਾਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਅੰਤ ਵਿੱਚ ਉਹ ਆਪਣੇ ਸਮੇਤ 52 ਰਾਜਿਆਂ ਨੂੰ ਅਜ਼ਾਦ ਕਰਨ ਵਿੱਚ ਸਫਲ ਹੋ ਗਏ। ਅੱਜ ਪਰਿਵਾਰ ਅਤੇ ਸਾਰੇ ਦੋਸਤ ਉਮੀਦ, ਮਾਰਗਦਰਸ਼ਨ ਅਤੇ ਅਜ਼ਾਦੀ ਦੇ ਪ੍ਰਤੀਕ ਵਜੋਂ ਆਪਣੇ ਘਰਾਂ ਅਤੇ ਗੁਰਦੁਆਰਿਆਂ ਵਿੱਚ ਅਰਦਾਸ ਕਰਨ, ਅਤੇ ਖੁਸ਼ੀ ਵਜੋਂ ਮੋਮਬੱਤੀਆਂ ਜਗਾਉਣ ਲਈ ਇਕੱਠੇ ਹੋਣਗੇ। ਬੰਦੀ ਛੋੜ ਦਿਵਸ 'ਤੇ ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਇੱਕਜੁੱਟਤਾ 'ਚ ਖੜ੍ਹੇ ਹੋਣ ਦਾ ਵੀ ਪ੍ਰਗਟਾਵਾ ਕਰਦੇ ਹਾਂ। ਨਾਲ ਹੀ ਇਹ ਦਿਨ ਬੇਇਨਸਾਫ਼ੀ ਵਿਰੁੱਧ ਜੂਝਣ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਮਹੱਤਤਾ ਵੀ ਦਰਸਾਉਂਦਾ ਹੈ।
ਟਰੂਡੋ ਮੁਤਾਬਕ ਇਹ ਦਿਹਾੜਾ ਉਹਨਾਂ ਮਹੱਤਵਪੂਰਨ ਯੋਗਦਾਨਾਂ ਨੂੰ ਪਛਾਨਣ ਦਾ ਵੀ ਇਕ ਮੌਕਾ ਹੈ ਜੋ ਸਿੱਖ ਕੈਨੇਡੀਅਨਾਂ ਨੇ ਕੈਨੇਡਾ ਦੀ ਉਸਾਰੀ ਲਈ ਕੀਤੇ ਹਨ, ਅਤੇ ਮਜ਼ਬੂਤ ਕੈਨੇਡਾ ਦੇ ਨਿਰਮਾਣ ਲਈ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੰਦੀ ਛੋੜ ਦਿਵਸ 'ਤੇ ਛੇਵੇਂ ਸਿੱਖ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ 1619 ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਵੱਲੋਂ ਕੈਦ ਕੀਤੇ 52 ਰਾਜਿਆਂ ਨੂੰ ਆਪਣੇ ਨਾਲ ਰਿਹਾਅ ਕਰਵਾਉਣ ਮਗ਼ਰੋਂ, ਅੰਮ੍ਰਿਤਸਰ ਵਾਪਸ ਪਰਤੇ ਸਨ।