
ਈਸਟਰ ਦੇ ਮੌਕੇ ‘ਤੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਦੀ ਸਰਕਾਰ ਹੁਣ ਐਕਸ਼ਨ ਵਿਚ ਆ ਗਈ ਹੈ।
ਕੋਲੰਬੋ : ਈਸਟਰ ਦੇ ਮੌਕੇ ‘ਤੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਦੀ ਸਰਕਾਰ ਹੁਣ ਐਕਸ਼ਨ ਵਿਚ ਆ ਗਈ ਹੈ। ਸ੍ਰੀਲੰਕਾ ਦੇ ਸੁਰੱਖਿਆ ਬਲਾਂ ਨੇ ਦੇਸ਼ ਦੇ ਪੁਰਬੀ ਹਿੱਸਿਆਂ ਵਿਚ ਇਸਲਾਮਿਕ ਸਟੇਟ ਨਾਲ ਜੁੜੇ ਅਤਿਵਾਦੀਆਂ ਦੇ ਟਿਕਾਣੇ ‘ਤੇ ਛਾਪਾ ਮਾਰਿਆ ਅਤੇ ਕਰੀਬ 15 ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਸ੍ਰੀਲੰਕਾ ਪੁਲਿਸ ਨੇ ਦੱਸਿਆ ਕਿ ਇਸਲਾਮਿਕ ਸਟੇਟ ਦੇ 15 ਸ਼ੱਕੀ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਸੈਨਾ ਦੇ ਬੁਲਾਰੇ ਸੁਮਿਤ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਦੋਂ ਹਥਿਆਰਬੰਦਾਂ ਦੇ ਟਿਕਾਣਿਆਂ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤਿਆਂ।
Sri Lanka Blast
ਉਹਨਾਂ ਕਿਹਾ ਕਿ ਜਵਾਬੀ ਕਾਰਵਾਈ ਵਿਚ ਦੋ ਹਥਿਆਰਬੰਦ ਮਾਰੇ ਗਏ। ਦੱਸਿਆ ਗਿਆ ਹੈ ਕਿ ਮੁੱਠਭੇੜ ਵਿਚ ਇਕ ਸਥਾਨਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਉਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸ੍ਰੀਲੰਕਾ ਵਿਚ ਹੋਏ ਅਤਿਵਾਦੀ ਹਮਲਿਆਂ ਤੋਂ ਬਾਅਦ ਸ੍ਰੀਲੰਕਾ ਲਈ ਯਾਤਰਾ ਲਈ ਚੇਤਾਵਨੀ ਦੇ ਪੱਧਰ ਨੂੰ ਵਧਾ ਦਿੱਤਾ ਹੈ। ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਤਿਵਾਦੀ ਬਿਨਾਂ ਕਿਸੇ ਚੇਤਾਵਨੀ ਤੋਂ ਹਮਲਾ ਕਰ ਸਕਦੇ ਹਨ ਅਤੇ ਆਵਾਜਾਈ ਦੇ ਟਿਕਾਣਿਆਂ, ਬਜ਼ਾਰਾਂ, ਸਰਕਾਰੀ ਦਫਤਰਾਂ, ਹੋਟਲਾਂ, ਹਸਪਤਾਲਾਂ, ਹਵਾਈ ਅੱਡਿਆਂ, ਪਾਰਕਾਂ ਆਦਿ ਨੂੰ ਨਿਸ਼ਾਨਾ ਬਣਾ ਸਕਦੇ ਹਨ।
Sri Lankan blasts
ਦੱਸ ਦਈਏ ਕਿ ਲੰਕਾ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਸ੍ਰੀਲੰਕਾ ਵਿਚ ਈਸਟਰ ਮੌਕੇ ‘ਤੇ ਗਿਰਜਾਘਰਾਂ ਅਤੇ ਹੋਟਲਾਂ ਵਿਚ ਹੋਏ ਹਮਲਿਆਂ ਵਿਚ 10 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਇਹਨਾਂ ਬੰਬ ਧਮਾਕਿਆਂ ਵਿਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।