
ਕਰੀਬ 50 ਲੋਕ ਲਾਪਤਾ, ਆਫ਼ਤ ਕਾਰਨ ਨੁਕਸਾਨੇ ਗਏ 163 ਘਰ
ਅਲੌਸੀ : ਮੱਧ ਇਕੁਆਡੋਰ 'ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਘਰ ਤਬਾਹ ਹੋ ਗਏ ਹਨ। ਅਧਿਕਾਰੀਆਂ ਨੇ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 16 ਦੱਸੀ ਸੀ, ਪਰ ਰਾਸ਼ਟਰਪਤੀ ਗੁਲੇਰਮੋ ਲਾਸੋ ਨੇ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਣ ਦੀ ਪੁਸ਼ਟੀ ਕੀਤੀ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਅਧਿਕਾਰੀਆਂ ਨੇ ਸੋਮਵਾਰ ਰਾਤ ਨੂੰ ਰਾਜਧਾਨੀ ਕਿਊਟੋ ਤੋਂ ਲਗਭਗ 137 ਮੀਲ ਦੱਖਣ ਵਿੱਚ ਅਲੌਸੀ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਕਰੀਬ 50 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : 5 ਸਾਲਾਂ 'ਚ ਨੀਮ ਸੁਰੱਖਿਆ ਬਲਾਂ ਦੇ 50,155 ਜਵਾਨਾਂ ਨੇ ਛੱਡੀ ਨੌਕਰੀ, ਸਭ ਤੋਂ ਵੱਧ BSF ਜਵਾਨਾਂ ਨੇ ਕੀਤਾ ਨੌਕਰੀ ਤੋਂ ਕਿਨਾਰਾ
ਇਕੁਆਡੋਰ ਦੇ ਜੋਖਮ ਪ੍ਰਬੰਧਨ ਸਕੱਤਰੇਤ ਨੇ ਕਿਹਾ ਕਿ ਐਤਵਾਰ ਰਾਤ ਕਰੀਬ 10 ਵਜੇ ਪਹਾੜ ਦੇ ਪਾਸੇ ਜ਼ਮੀਨ ਖਿਸਕਣ ਤੋਂ ਬਾਅਦ 30 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ 23 ਲੋਕ ਜ਼ਖਮੀ ਹੋਏ ਹਨ। ਸਕੱਤਰੇਤ ਨੇ ਦੱਸਿਆ ਕਿ ਇਸ ਆਫ਼ਤ ਕਾਰਨ ਕਰੀਬ 500 ਲੋਕ ਅਤੇ 163 ਘਰ ਪ੍ਰਭਾਵਿਤ ਹੋਏ ਹਨ।
ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਬਚਾਅ ਕਰਮਚਾਰੀਆਂ ਨੇ ਕੁੱਤਿਆਂ ਦੀ ਮਦਦ ਨਾਲ ਮਲਬੇ ਵਿਚ ਡੱਬੇ ਲੋਕਾਂ ਦੀ ਭਾਲ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਖੇਤਰਾਂ ਵਿੱਚ, ਜ਼ਿਆਦਾਤਰ ਘਰ ਪੂਰੀ ਤਰ੍ਹਾਂ ਧਰਤੀ ਨਾਲ ਦੱਬ ਗਏ ਹਨ।