
ਚੀਨ ਨੇ ਬੁਧਵਾਰ ਨੂੰ ਕਿਹਾ ਹੈ ਕਿ ਭਾਰਤ ਨਾਲ ਸਰਹੱਦ 'ਤੇ ਹਾਲਾਤ 'ਪੂਰੀ ਤਰ੍ਹਾਂ ਸਥਿਤਰ ਅਤੇ ਕਾਬੂ-ਹੇਠ ਹਨ' ਤੇ ਦੋਹਾਂ ਦੇਸ਼ਾਂ ਕੋਲ
ਬੀਜਿੰਗ, 27 ਮਈ: ਚੀਨ ਨੇ ਬੁਧਵਾਰ ਨੂੰ ਕਿਹਾ ਹੈ ਕਿ ਭਾਰਤ ਨਾਲ ਸਰਹੱਦ 'ਤੇ ਹਾਲਾਤ 'ਪੂਰੀ ਤਰ੍ਹਾਂ ਸਥਿਤਰ ਅਤੇ ਕਾਬੂ-ਹੇਠ ਹਨ' ਤੇ ਦੋਹਾਂ ਦੇਸ਼ਾਂ ਕੋਲ ਗੱਲਬਾਤ ਤੇ ਵਿਚਾਰ-ਵਟਾਂਦਰਾ ਕਰ ਕੇ ਮੁੱਦਿਆਂ ਨੂੰ ਹੱਲ ਕਰਨ ਲਈ ਢੁਕਵਾਂ ਤੰਤਰ ਅਤੇ ਸੰਚਾਰ ਮਾਧਿਅਮ ਹੈ। ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਚਲ ਰਹੇ ਰੇੜਕੇ ਦੀ ਪਿੱਠਭੂਮੀ 'ਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਟਿਪਣੀਆਂ ਕੀਤੀਆਂ।
File photo
ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਸਰਹੱਦ ਨਾਲ ਸਬੰਧਤ ਮੁੱਦਿਆਂ 'ਤੇ ਚੀਨ ਦਾ ਰੁਖ਼ ਸਪੱਸ਼ਟ ਅਤੇ ਸੁਸੰਗਤ ਹੈ। ਉਨ੍ਹਾਂ ਕਿਹਾ, ''ਅਸੀਂ ਦੋਹਾਂ ਆਗੂਆਂ ਵਿਚਕਾਰ ਬਣੀ ਮਹੱਤਵਪੂਰਨ ਸਹਿਮਤੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦਾ ਸਖ਼ਤੀ ਨਾਲ ਪਾਲਣ ਕਰ ਰਹੇ ਹਾਂ।''
ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੋ ਗ਼ੈਰ-ਰਸਮੀ ਬੈਠਕਾਂ ਤੋਂ ਬਾਅਦ ਉਨ੍ਹਾਂ ਹਦਾਇਤਾਂ ਦਾ ਜ਼ਿਕਰ ਕਰ ਰਹੇ ਸਨ ਜਿਨ੍ਹਾਂ 'ਚ ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੂੰ ਆਪਸੀ ਵਿਸ਼ਵਾਸ ਪੈਦਾ ਕਰਨ ਲਈ ਹੋਰ ਕਦਮ ਚੁੱਕਣ ਲਈ ਕਿਹਾ ਸੀ।
ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੱਭ ਤੋਂ ਖ਼ਰਾਬ ਸਥਿਤੀ ਦੀ ਕਲਪਨਾ ਕਰਦਿਆਂ ਫ਼ੌਜ ਨੂੰ ਜੰਗ ਦੀਆਂ ਤਿਆਰੀਆਂ ਤੇਜ਼ ਕਰਨ ਦਾ ਹੁਕਮ ਦਿਤਾ ਅਤੇ ਉਸ ਨੂੰ ਪੂਰੀ ਦ੍ਰਿੜਤਾ ਨਾਲ ਦੇਸ਼ ਦੀ ਰਾਖੀ ਕਰਨ ਨੂੰ ਕਿਹਾ।
(ਪੀਟੀਆਈ)