
ਜ਼ਖਮੀ ਤਰਲੋਕ ਸਿੰਘ ਦੇ ਪ੍ਰਵਾਰ ਨੂੰ ਵੀ ਸੌਂਪਿਆ ਪੰਜ ਲੱਖ ਰੁਪਏ ਦਾ ਚੈੱਕ
ਪੇਸ਼ਾਵਰ (ਪਾਕਿਸਤਾਨ): ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਪਿਛਲੇ ਹਫਤੇ ਮਾਰੇ ਗਏ ਸਿੱਖ ਵਪਾਰੀ ਅਤੇ ਇਕ ਵਖਰੀ ਘਟਨਾ ਵਿਚ ਜ਼ਖਮੀ ਹੋਏ ਇਕ ਵਿਅਕਤੀ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿਤਾ ਹੈ। ਇਹ ਦੇਸ਼ ਵਿਚ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਦੇ ਮਾਮਲੇ ਜਾਪਦੇ ਹਨ।
ਖੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ ਨੇ ਮ੍ਰਿਤਕ ਮਨਮੋਹਨ ਸਿੰਘ ਅਤੇ ਜ਼ਖਮੀ ਤਰਲੋਕ ਸਿੰਘ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਸੌਂਪੇ। ਮਨਮੋਹਨ ਸਿੰਘ (35) 'ਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ।
ਖਾਨ ਨੇ ਪੁਲਿਸ ਨੂੰ ਘੱਟਗਿਣਤੀਆਂ ’ਤੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਸੂਬੇ ਵਿਚ ਸਿੱਖਾਂ ਦੀ ਸੁਰਖਿਆ ਲਈ ਇਕ ਯੋਜਨਾ ਤਿਆਰ ਕਰਨ ਦੇ ਹੁਕਮ ਦਿਤੇ ਹਨ।ਉਨ੍ਹਾਂ ਇਸ ਕਤਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਮੈਂਬਰ ਸ਼ਾਂਤਮਈ ਅਤੇ ਦੇਸ਼ ਭਗਤ ਨਾਗਰਿਕ ਹਨ ਅਤੇ ਕੌਮ ਦੇ ਵਿਕਾਸ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਹੈ।
ਉਨ੍ਹਾਂ ਕਿਹਾ ਕਿ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਮਤਲਬ ਪਾਕਿਸਤਾਨ ਵਿਚ ਧਾਰਮਿਕ ਸਦਭਾਵਨਾ ਨੂੰ ਭੰਗ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਅਨਸਰ ਕਦੇ ਵੀ ਅਪਣੇ ਨਾਪਾਕ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣਗੇ। ਇਸਲਾਮਿਕ ਸਟੇਟ ਅਤਿਵਾਦੀ ਸੰਗਠਨ ਨੇ ਸਿੱਖਾਂ ’ਤੇ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਖਾਨ ਨੇ ਕਿਹਾ ਕਿ ਖੈਬਰ ਪਖਤੂਨਖਵਾ ਸਰਕਾਰ ਘੱਟ ਗਿਣਤੀਆਂ ਦੇ ਜਾਨ-ਮਾਲ ਦੀ ਸੁਰਖਿਆ ਲਈ ਹਰ ਸੰਭਵ ਕਦਮ ਚੁੱਕੇਗੀ।
ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ ਦੇ ‘ਸ਼ਰਾਈਨਜ਼ ਇਵੈਕਿਊਜ਼ ਪ੍ਰਾਪਰਟੀ ਟਰੱਸਟ ਬੋਰਡ’ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਅਤੇ ਪ੍ਰਧਾਨ ਸਾਹਿਬ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੋਂ ਪਹਿਲਾਂ ਅਪਣੀ ਜਾਨ ਗੁਆ ਚੁੱਕੇ ਸ. ਦਿਆਲ ਸਿੰਘ ਅਤੇ ਮਨਮੋਹਨ ਸਿੰਘ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਚੈੱਕ ਦਿਤਾ। ਤਰਲੋਕ ਸਿੰਘ ਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਵੀ ਦਿਤੇ ਗਏ।
ਭਾਰਤ ਨੇ ਸੋਮਵਾਰ ਨੂੰ ਨਵੀਂ ਦਿੱਲੀ 'ਚ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਤਲਬ ਕਰ ਕੇ ਗੁਆਂਢੀ ਦੇਸ਼ ’ਚ ਸਿੱਖ ਭਾਈਚਾਰੇ ਦੇ ਮੈਂਬਰਾਂ ’ਤੇ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ 'ਤੇ ਸਖਤ ਵਿਰੋਧ ਦਰਜ ਕਰਵਾਇਆ। ਅਪ੍ਰੈਲ ਤੋਂ ਜੂਨ ਦਰਮਿਆਨ ਸਿੱਖ ਭਾਈਚਾਰੇ ਦੇ ਮੈਂਬਰਾਂ ’ਤੇ ਹਮਲੇ ਦੀਆਂ ਚਾਰ ਘਟਨਾਵਾਂ ਵਾਪਰੀਆਂ ਅਤੇ ਭਾਰਤ ਨੇ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ।