
ਵਿਦੇਸ਼ਾਂ 'ਚ ਵਸੇ ਪੰਜਾਬੀਆਂ ਵਲੋਂ ਅਪਣੀ ਮਿਹਨਤ ਸਦਕਾ ਪੰਜਾਬ ਅਤੇ ਦੇਸ਼ ਦਾ ਨਾਮ ਰੁਸ਼ਨਾਉਣ ਦੀਆਂ ਅਨੇਕਾਂ ਮਿਸਾਲਾਂ ਪੇਸ਼ ਕੀਤੀਆਂ ਜਾਂਦੀਆਂ ਹਨ
ਟਾਂਡਾ ਉੜਮੁੜ (ਬਾਜਵਾ) : ਪੰਜਾਬੀਆਂ ਨੇ ਜਿਥੇ ਵੀ ਪੈਰ ਰਖਿਆ ਉਥੇ ਹੀ ਉਨ੍ਹਾਂ ਅਪਣੀ ਮਿਹਨਤ ਸਦਕਾ ਤਰੱਕੀਆਂ ਹਾਸਲ ਕੀਤੀਆਂ ਹਨ। ਵਿਦੇਸ਼ਾਂ 'ਚ ਵਸੇ ਪੰਜਾਬੀਆਂ ਵਲੋਂ ਅਪਣੀ ਮਿਹਨਤ ਸਦਕਾ ਪੰਜਾਬ ਅਤੇ ਦੇਸ਼ ਦਾ ਨਾਮ ਰੁਸ਼ਨਾਉਣ ਦੀਆਂ ਅਨੇਕਾਂ ਮਿਸਾਲਾਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਮਿਸਾਲ ਟਾਂਡਾ ਉੜਮੁੜ ਦੇ ਨੌਜਵਾਨ ਰਾਜਦੀਪ ਸਿੰਘ ਧਨੋਤਾ ਨੇ ਅਮਰੀਕਾ ਦੇ ਟਰੇਸੀ (ਕੈਲੀਫ਼ੋਰਨੀਆ) ਵਿਚ ਪਾਰਕਸ ਐਂਡ ਕਮਿਊਨਿਟੀ ਸਰਵਿਸਿਜ਼ ਕਮਿਸ਼ਨ ਦਾ ਕਮਿਸ਼ਨਰ ਬਣ ਕੇ ਪੇਸ਼ ਕੀਤੀ ਹੈ।
ਉੜਮੁੜ ਨਿਵਾਸੀ ਬਾਬਾ ਬੂਟਾ ਭਗਤ ਮੰਦਰ ਕਮੇਟੀ ਦੇ ਪ੍ਰਧਾਨ ਉਲਫ਼ਤ ਰਾਏ ਅਤੇ ਸੇਵਾਮੁਕਤ ਟੀਚਰ ਕ੍ਰਿਸ਼ਨਾ ਦੇਵੀ ਦੇ ਹੋਣਹਾਰ ਸਪੁੱਤਰ ਰਾਜਦੀਪ ਨੇ ਪਹਿਲੇ ਪੰਜਾਬੀ ਨੌਜਵਾਨ ਸਿੱਖ ਵਜੋਂ ਅਮਰੀਕਾ ਵਿਚ ਪਾਰਕਸ ਐਂਡ ਕਮਿਊਨਿਟੀ ਸਰਵਿਸਿਜ਼ ਕਮਿਸ਼ਨ ਦਾ ਕਮਿਸ਼ਨਰ ਬਣਨ ਦਾ ਮਾਣ ਹਾਸਲ ਕੀਤਾ ਹੈ। 2008 ਵਿਚ ਅਮਰੀਕਾ ਜਾ ਵਸੇ ਰਾਜਦੀਪ ਮੌਜੂਦਾ ਸਮੇਂ ਉੱਚ ਸਿਖਿਆ ਹਾਸਲ ਕਰ ਕੇ ਹੈਲਥ ਇੰਡਸਟਰੀ ਵਿਚ ਫ਼ਾਰਮੇਸੀ ਕੰਸਲਟੈਂਟ ਵਜੋਂ ਸੇਵਾਵਾਂ ਦੇ ਰਿਹਾ ਹੈ ਅਤੇ ਉਸ ਦੀ ਪਤਨੀ ਸਿਮਰਨ ਕੌਰ ਵੀ ਟਰੇਸੀ ਸ਼ਹਿਰ ਵਿਚ ਸਕੂਲ ਬੋਰਡ ਦੀ ਚੁਣੀ ਗਈ ਮੈਂਬਰ ਹੈ।