
ਤਹਿਰੀਕ-ਏ-ਤਾਲਿਬਾਨ ਨੇ ਔਰਤਾਂ ਨੂੰ ਅਪਣੇ ਸੰਗਠਨ ਵਿਚ ਸ਼ਾਮਲ ਕਰਨ ਲਈ ਹੁਣ ਇਕ ਮੈਗਜ਼ੀਨ ਕੱਢੀ ਹੈ, ਜਿਸ ਦਾ ਨਾਂ ਸੁੰਨਤ-ਏ-ਖਾਉਲਾ ਹੈ। ਇਹ ਮੈਗਜ਼ਾਨ ਸਿਰਫ਼ ਔਰਤਾਂ ਲਈ ਹੀ ਹੈ।
ਇਸਲਾਮਾਬਾਦ, 3 ਅਗੱਸਤ : ਤਹਿਰੀਕ-ਏ-ਤਾਲਿਬਾਨ ਨੇ ਔਰਤਾਂ ਨੂੰ ਅਪਣੇ ਸੰਗਠਨ ਵਿਚ ਸ਼ਾਮਲ ਕਰਨ ਲਈ ਹੁਣ ਇਕ ਮੈਗਜ਼ੀਨ ਕੱਢੀ ਹੈ, ਜਿਸ ਦਾ ਨਾਂ ਸੁੰਨਤ-ਏ-ਖਾਉਲਾ ਹੈ। ਇਹ ਮੈਗਜ਼ਾਨ ਸਿਰਫ਼ ਔਰਤਾਂ ਲਈ ਹੀ ਹੈ। ਇਸ ਮੈਗਜ਼ੀਨ ਦਾ ਮਕਸਦ ਔਰਤਾਂ ਨੂੰ ਤਾਲਿਬਾਨ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਸੰਗਠਨ ਵਿਚ ਸ਼ਾਮਲ ਕਰ ਜ਼ਿਹਾਦ ਦੇ ਰਸਤੇ 'ਤੇ ਲਿਜਾਣਾ ਹੈ। ਮੰਗਲਵਾਰ ਨੂੰ ਇਸ ਮੈਗਜ਼ੀਨ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ।
ਮੈਗਜ਼ੀਨ ਦਾ ਨਾਂ 'ਸੁੰਨਤ-ਏ-ਖਾਉਲਾ' ਦਾ ਅਰਥ ਹੈ ਕਿ ਖਾਉਲਾ ਦੇ ਦੱਸੇ ਤਰੀਕੇ। 'ਖਾਉਲਾ' ਨਾਂ ਦੀ ਔਰਤ ਪੈਗੰਬਰ ਮੁਹੰਮਦ ਦੀ ਸਭ ਤੋਂ ਸ਼ੁਰੂਆਤੀ ਔਰਤ ਸਮਰਥਕਾਂ ਵਿਚੋਂ ਇਕ ਸੀ। ਇਸ ਮੈਗਜ਼ੀਨ ਦੇ ਕਵਰ 'ਤੇ ਇਕ ਔਰਤ ਦੀ ਤਸਵੀਰ ਹੈ, ਜਿਸ ਨੇ ਖੁਦ ਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਬੁਰਕੇ ਨਾਲ ਢਕਿਆ ਹੈ।
ਇਸ ਦੇ ਇਲਾਵਾ ਮੈਗਜ਼ੀਨ ਵਿਚ ਤਹਰੀਕ-ਏ-ਤਾਲਿਬਾਨ ਦੇ ਸਰਗਨਾ ਫਜਲੁੱਲਾਹ ਖੋਰਾਸਾਨੀ ਦੀ ਪਤਨੀ ਦਾ ਇੰਟਰਵਿਊ ਵੀ ਛਪਿਆ ਹੈ। ਇਸ ਇੰਟਰਵਿਊ ਵਿਚ ਉਸ ਦੀ ਪਤਨੀ ਨੇ ਵਿਆਹ ਬਾਰੇ ਅਪਣੇ ਅਨੁਭਵਾਂ ਨੂੰ ਦਸਿਆ ਹੈ। ਉਨ੍ਹਾਂ ਨੇ ਛੋਟੀ ਉਮਰ ਵਿਚ ਵਿਆਹ ਨੂੰ ਸਹੀ ਦਸਦਿਆਂ ਕਿਹਾ ਕਿ ਮੇਰਾ ਵਿਆਹ 14 ਸਾਲ ਦੀ ਉਮਰ ਵਿਚ ਹੋਇਆ ਸੀ। ਵਿਆਹ ਛੋਟੀ ਉਮਰ ਵਿਚ ਹੀ ਹੋ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਮੁੰਡੇ-ਕੁੜੀਆਂ ਦਾ ਨੈਤਿਕ ਪਤਨ ਹੋਣ ਤੋਂ ਬਚਾਅ ਰਹਿੰਦਾ ਹੈ।
ਇਸ ਮੈਗਜ਼ੀਨ ਵਿਚ ਫਜਲੁੱਲਾਹ ਦੀ ਪਤਨੀ ਨੇ ਮੁਸਲਿਮ ਔਰਤਾਂ ਨੂੰ ਤਾਲਿਬਾਨ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਉਨ੍ਹਾਂ ਨੇ ਮੁਸਲਿਮ ਔਰਤਾਂ ਨੂੰ ਘਰ ਵਿਚ ਗੁਪਤ ਸਭਾਵਾਂ ਕਰਨ, ਸਰੀਰਕ ਅਭਿਆਸ ਕਰਨ, ਹਥਿਆਰ ਚਲਾਉਣਾ ਸਿੱਖਣ ਅਤੇ ਜ਼ਿਹਾਦ ਨਾਲ ਸਬੰਧਤ ਕਿਤਾਬਾਂ ਪੜ੍ਹਨ ਅਤੇ ਹੋਰ ਔਰਤਾਂ ਨੂੰ ਵੰਡਣ ਲਈ ਕਿਹਾ ਹੈ।
ਇਸ ਮੈਗਜ਼ੀਨ ਵਿਚ ਮੁਸਲਿਮ ਡਾਕਟਰ ਦਾ 'ਅਗਿਆਨ ਤੋਂ ਗਿਆਨ ਵੱਲ ਮੇਰੀ ਯਾਤਰਾ' ਨਾਂ ਦਾ ਇਕ ਲੇਖ ਵੀ ਛਪਿਆ ਹੈ। ਇਸ ਲੇਖ ਵਿਚ ਡਾਕਟਰ ਸਾਹਿਬਾ ਨੇ ਦਸਿਆ ਹੈ ਕਿ ਕਿਵੇਂ ਉਹ ਪਹਿਲਾਂ ਪਛਮੀ ਤੌਰ-ਤਰੀਕਿਆਂ ਨਾਲ ਰਹਿੰਦੀ ਸੀ ਅਤੇ ਫਿਰ ਕਿਵੇਂ ਗਿਆਨ ਦੀ ਪ੍ਰਾਪਤੀ ਮਗਰੋਂ ਉਸ ਨੇ ਇਸਲਾਮ ਨੂੰ ਅਪਨਾਇਆ।
ਇਕ ਹੋਰ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਭਾਰਤ, ਪਾਕਿਸਤਾਨ 'ਤੇ ਹਮਲਾ ਕਰਨਾ ਚਾਹੁੰਦਾ ਹੈ। ਤਾਲਿਬਾਨ ਪਾਕਿਸਤਾਨ ਲਗਾਤਾਰ ਉਰਦੂ ਅਤੇ ਅੰਗਰੇਜ਼ੀ 'ਚ ਜਿਹਾਦੀ ਮੈਗਜ਼ੀਨ ਪ੍ਰਕਾਸ਼ਤ ਕਰਦੀ ਰਹਿੰਦੀ ਹੈ ਤਾਕਿ ਵੱਧ ਤੋਂ ਵੱਧ ਲੋਕਾਂ ਨੂੰ ਭਰਤੀ ਕਰ ਸਕੇ।