
ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਕਿਹਾ ਹੈ ਕਿ ਸਾਡੀ ਬਾਬਰੀ ਮਸਜਿਦ ਢਾਹ ਕੇ ਉਥੇ ਅਸਥਾਈ ਮੰਦਰ ਬਣਾਇਆ ਗਿਆ ਹੈ।
ਨਵੀਂ ਦਿੱਲੀ , ( ਪੀਟੀਆਈ ) : ਰਾਮ ਮੰਦਰ ਨੂੰ ਬਣਾਏ ਜਾਣ ਸਬੰਧੀ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਕਿਹਾ ਹੈ ਕਿ ਜੇਕਰ ਭਾਰਤ ਬਾਬਰੀ ਮਸਜਿਦ ਦੀ ਥਾਂ ਤੇ ਰਾਮ ਮੰਦਰ ਬਣਾਉਂਦਾ ਹੈ ਤਾਂ ਦਿੱਲੀ ਤੋਂ ਕਾਬੁਲ ਤਕ ਮੁਸਲਮਾਨ ਬਦਲਾ ਲੈਣ ਲਈ ਤਿਆਰ ਹੋਣਗੇ। ਅਜ਼ਹਰ ਨੇ ਅਪਣੇ ਵੱਲੋਂ ਜਾਰੀ ਕੀਤੇ ਗਏ 9 ਮਿੰਟ ਦੇ ਆਡਿਓ ਵਿਚ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਲੋਕ ਤਬਾਹੀ ਫੈਲਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮਸੂਦ ਨੇ ਦਾਅਵਾ ਕੀਤਾ ਹੈ ਕਿ ਕਾਬੁਲ ਅਤੇ ਜਲਾਲਾਬਾਦ ਵਿਖੇ ਭਾਰਤੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
Masood Azhar
ਉਸ ਵੱਲੋਂ ਆਡਿਓ ਵਿਚ ਕਿਹਾ ਗਿਆ ਹੈ ਕਿ ਸਾਡੀ ਬਾਬਰੀ ਮਸਜਿਦ ਢਾਹ ਕੇ ਉਥੇ ਅਸਥਾਈ ਮੰਦਰ ਬਣਾਇਆ ਗਿਆ ਹੈ। ਉਥੇ ਹਿੰਦੂ ਲੋਕ ਤ੍ਰਿਸ਼ੂਲ ਨਾਲ ਇਕੱਠੇ ਸੌਂ ਰਹੇ ਹਨ। ਮੁਸਲਮਾਨ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ, ਇਕ ਵਾਰ ਫਿਰ ਤੋਂ ਬਾਬਰੀ ਮਸਜਿਦ ਸਾਨੂੰ ਬੁਲਾ ਰਹੀ ਹੈ। ਜੈਸ਼ ਸਰਗਨਾ ਨੇ ਕਿਹਾ ਹੈ ਕਿ ਅਸੀਂ ਬਾਬਰੀ ਮਸਜਿਦ 'ਤੇ ਨਜ਼ਰ ਬਣਾਈ ਰੱਖੀ ਹੋਈ ਹੈ। ਤੁਸੀਂ ਸਰਕਾਰੀ ਖਰਚ ਕਰਨ ਦੀ ਹਿਮੰਤ ਰੱਖਦੇ ਹੋ ਤਾਂ ਅਸੀਂ ਜਾਨ ਖਰਚ ਕਰਨ ਲਈ ਤਿਆਰ ਹਾਂ। ਇੰਨਾ ਹੀ ਨਹੀਂ ਇਸ ਆਡਿਓ ਵਿਚ ਅਜ਼ਹਰ ਨੇ ਕਰਤਾਰਪੁਰ ਲਾਂਘੇ ਸਬੰਧੀ ਵੀ ਟਿੱਪਣੀ ਕੀਤੀ ।
Babri Masjid
ਉਸ ਨੇ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਦੇ ਮੰਤਰੀਆਂ ਨੂੰ ਸੱਦਾ ਦਿਤੇ ਜਾਣ 'ਤੇ ਨਾਰਾਜਗੀ ਪ੍ਰਗਟ ਕੀਤੀ ਹੈ। ਆਡਿਓ ਵਿਚ ਮਸੂਦ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਇਹ ਸਭ ਕੁਝ ਚੋਣਾਂ ਲਈ ਕਰ ਰਿਹਾ ਹੈ। ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਭਾਰਤ ਵੱਲੋਂ ਅਤਿਵਾਦੀਆਂ ਵਿਰੁਧ ਸਖ਼ਤ ਕਾਰਵਾਈ ਅਤੇ ਸਖ਼ਤ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਅਤਿਵਾਦੀ ਭੜਕੇ ਹੋਏ ਹਨ। ਇਸੇ ਕਾਰਨ ਅਜਿਹੇ ਆਡਿਓ ਰਾਹੀ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ।